ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਪੰਜਾਬ ਦੇ ਸਾਰੇ ਉਦਯੋਗਾਂ ਦਾ ਬੁਰਾ ਹੋ ਗਿਆ ਸੀ, ਜਿਸ ਦਾ ਅਸਰ ਹੁਣ ਵੀ ਜਾਰੀ ਹੈ। ਲੁਧਿਆਣਾ ਦੀ ਸਾਇਕਲ ਇੰਡਸਟਰੀ ਨੂੰ ਕੋਰੋਨਾ ਦਰਮਿਆਨ ਭਾਵੇਂ ਹੁੰਗਾਰਾ ਮਿਲਿਆ, ਪਰ ਲੁਧਿਆਣਾ ਦੀ ਹੌਜ਼ਰੀ ਅਤੇ ਟੈਕਸਟਾਇਲ ਇੰਡਸਟਰੀ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਟੈਕਸਟਾਇਲ ਇੰਡਸਟਰੀ ਨੂੰ ਪੈ ਰਹੇ ਘਾਟੇ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਇੰਡਸਟਰੀ ਦੇ ਮਾਲਕ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਸਰਕਾਰ ਦੇ ਪੂਰੇ ਕੀਤੇ ਆਰਡਰ
ਲੁਧਿਆਣਾ ਤੋਂ ਇੱਕ ਟੈਕਸਟਾਇਲ ਇੰਡਸਟਰੀ ਦੇ ਮਾਲਕ ਅਖਿਲ ਮਲਹੋਤਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦਰਮਿਆਨ ਪਹਿਲਾਂ ਤਾਂ ਉਨ੍ਹਾਂ ਦਾ ਕੰਮਕਾਰ ਬੰਦ ਰਿਹਾ, ਪਰ ਬਾਅਦ ਵਿੱਚ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਆਈ ਕਿ ਉਹ ਕੰਮਕਾਰ ਸ਼ੁਰੂ ਕਰਨ ਅਤੇ ਆਰਡਰਾਂ ਨੂੰ ਪੂਰਾ ਕਰਨ।
ਸਾਡਾ ਕੋਈ ਰੂਟੀਨ ਕਾਰੋਬਾਰ ਨਹੀਂ ਚੱਲ ਰਿਹਾ
ਅਖਿਲ ਮਲਹੋਤਰਾ ਨੇ ਦੱਸਿਆ ਕਿ ਕੋਰੋਨਾ ਦਰਮਿਆਨ ਭਾਵੇਂ ਸਾਰੇ ਆਰਡਰ ਤਾਂ ਪੂਰੇ ਕਰ ਦਿੱਤੇ ਹਨ, ਪਰ ਫ਼ਿਰ ਵੀ ਕੋਈ ਰੂਟੀਨ ਕਾਰੋਬਾਰ ਬਿਲਕੁਲ ਵੀ ਨਹੀਂ ਚੱਲ ਰਿਹਾ ਹੈ। ਇੰਡਸਟਰੀ ਸਿਰਫ਼ 35 ਫ਼ੀਸਦ ਉੱਤੇ ਹੀ ਕੰਮ ਕਰ ਰਹੀ ਹੈ ਅਤੇ ਇੰਡਸਟਰੀ ਨੂੰ ਭਾਰੀ ਘਾਟਾ ਪੈ ਰਿਹਾ ਹੈ।
ਲੇਬਰ ਦੀ ਚੱਲ ਰਹੀ ਹੈ ਬਹੁਤ ਘਾਟ
ਮਲਹੋਤਰਾ ਨੇ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਪੂਰੀ ਇੰਡਸਟਰੀ ਵਿੱਚ ਉਤਪਾਦਨ ਦੀ ਘਾਟ ਚੱਲ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ, ਜੋ ਕਿ ਆਉਣ ਵਾਲੇ 1 ਸਾਲ ਤੱਕ ਪੂਰਾ ਨਹੀਂ ਹੋਵੇਗਾ। ਕਿਉਂਕਿ ਬਾਹਰਲਿਆਂ ਸੂਬਿਆਂ ਦੀ ਲੇਬਰ ਵਾਪਸ ਮੁੜ ਗਈ ਹੈ।
ਰੋਟੀ, ਕੱਪੜਾ ਅਤੇ ਮਕਾਨ ਵਾਲੀ ਕਹਾਣੀ ਖ਼ਤਮ
ਅਖਿਲ ਮਲਹੋਤਰਾ ਨੇ ਦੱਸਿਆ ਕਿ ਕਿਸੇ ਸਮੇਂ ਰੋਟੀ, ਕੱਪੜਾ ਅਤੇ ਮਕਾਨ ਹੀ ਬੰਦੇ ਦੀ ਪਹਿਲ ਹੁੰਦੀ ਸੀ, ਪਰ ਹੁਣ ਇਹ ਸਮਾਂ ਬਦਲ ਗਿਆ ਹੈ। ਅੱਜ ਕੱਲ੍ਹ ਤਾਂ ਲੋਕ ਇੱਕ ਹੀ ਕਮੀਜ਼ ਖ਼ਰੀਦਦੇ ਹਨ ਅਤੇ ਉਸੇ ਨੂੰ ਹੀ ਪੂਰਾ-ਪੂਰਾ ਸਾਲ ਪਾਏ ਜਾਂਦੇ ਹਨ।
ਲੇਬਰ ਤਾਂ ਵਾਪਸ ਆਉਣਾ ਚਾਹੁੰਦੀ ਹੈ, ਪਰ...
ਮੱਧਮ ਇੰਡਸਟਰੀ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਇੰਡਸਟਰੀ ਵਿੱਚ ਕੋਰੋਨਾ ਕਾਰਨ ਬਾਹਰਲੇ ਸੂਬਿਆਂ ਦੀ ਲੇਬਰ ਵਾਪਸ ਚਲੀ ਗਈ ਸੀ, ਪਰ ਟਰੇਨਾਂ ਨਾ ਚੱਲਣ ਕਾਰਨ ਉਹ ਵਾਪਸ ਨਹੀਂ ਆ ਸਕਦੇ। ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਖ਼ਾਸ ਟਰੇਨਾਂ ਚਲਾ ਕੇ ਉਨ੍ਹਾਂ ਨੂੰ ਵਾਪਸ ਬੁਲਾਇਆ ਜਾਵੇ।