ਲੁਧਿਆਣਾ: ਕਈ ਸਾਲਾਂ ਤੋਂ ਪ੍ਰਦੂਸ਼ਨ ਦੀ ਮਾਰ ਝੱਲ ਰਿਹਾ ਲੁਧਿਆਣਾ ਦਾ ਬੁੱਢਾ ਨਾਲਾ ਅੱਜ ਵਿਕਰਾਲ ਸਮੱਸਿਆ ਦਾ ਰੂਪ ਧਾਰ ਚੁੱਕਿਆ ਹੈ। ਇੱਕ ਅਜਿਹੀ ਸਮੱਸਿਆ ਜਿਸਦਾ ਹੱਲ ਕੱਢਣ ਲਈ ਸਰਕਾਰ ਤੇ ਪ੍ਰਸ਼ਾਸਨ ਦਾਅਵੇ ਤਾਂ ਵੱਡੇ-ਵੱਡੇ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ। ਫੈਕਟਰੀਆਂ ਦਾ ਜ਼ਹਿਰੀਲਾ ਵੇਸਟ ਨਾ ਸਿਰਫ ਬਿਮਾਰੀਆਂ ਦਾ ਕਾਰਨ ਬਣਦਾ ਹੈ ਸਗੋਂ ਬਰਸਾਤਾਂ 'ਚ ਇਹ ਨਾਲਾ ਓਵਰਫਲੋ ਹੋ ਜਾਂਦਾ ਹੈ ਤੇ ਕੋਈ ਬੰਨ੍ਹ ਨਾ ਹੋਣ ਕਾਰਨ ਸੜਕਾਂ ਤੇ ਗਲੀਆਂ ਦੇ ਨਾਲ-ਨਾਲ ਲੋਕਾਂ ਦੇ ਘਰਾਂ 'ਚ ਵੀ ਗੰਦ ਪਾ ਦਿੰਦਾ ਹੈ।
ਲੁਧਿਆਣਾ ਦਾ ਬੁੱਢਾ ਨਾਲਾ ਆਪਣੇ ਗੰਦੇ ਪਾਣੀ ਨਾਲ ਕਈ ਤਰ੍ਹਾਂ ਦੇ ਕੈਂਸਰ ਅਤੇ ਚਮੜੀ ਦੀਆਂ ਬਿਮਾਰੀਆਂ ਫੈਲਾ ਰਿਹਾ ਹੈ। ਪਿਛਲੇ 3 ਦਹਾਕੇ ਤੋਂ ਇਸਦੀ ਸਫਾਈ ਲਈ ਕੰਮ ਚੱਲ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਤੇ ਸਮਾਜਿਕ ਸੰਸਥਾਵਾਂ ਨੇ ਕਈ ਵਾਰ ਇਸਦੀ ਸਫਾਈ ਲਈ ਅਭਿਆਨ ਵੀ ਚਲਾਏ ਪਰ ਕੋਈ ਵੀ ਮੁਹਿੰਮ ਪੂਰੀ ਤਰ੍ਹਾਂ ਨਾਲ ਕਾਮਯਾਬ ਨਾ ਹੋਈ।
ਇਹ ਵੀ ਪੜ੍ਹੋ: ਈਦ-ਉਲ-ਅਜ਼ਹਾ: ਕੈਪਟਨ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਦਿੱਤੀ ਦਾਵਤ
ਸੀਨੀਅਰ ਡਾਕਟਰ ਅਰੁਣ ਮਿੱਤਰਾ ਜੋ ਕਿ ਖੁਦ ਬੁੱਢੇ ਨਾਲੇ ਦੀ ਸਫਾਈ ਮੁਹਿੰਮ ਲਈ ਬਣਾਈ ਕਮੇਟੀ ਦੇ ਮੈਂਬਰ ਰਹਿ ਚੁੱਕੇ ਨੇ ਕਾਲੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਮਿਤਰਾ ਨੇ ਦੱਸਿਆ ਕਿ ਕਈ ਤਰ੍ਹਾਂ ਦੇ ਰਸਾਇਣਿਕ ਪਦਾਰਥਾਂ ਦੇ ਮਿਲਣ ਕਾਰਣ ਬੁੱਢੇ ਨਾਲੇ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੁੱਢੇ ਨਾਲੇ ਦੀ ਸਫਾਈ ਲਈ ਸਰਕਾਰ ਨੂੰ ਕੀ-ਕੀ ਉਪਰਾਲੇ ਕਰਨੇ ਚਾਹੀਦੇ ਨੇ। ਡਾਕਟਰ ਅਰੁਣ ਮਿੱਤਰਾ ਦਾ ਕਹਿਣਾ ਹੈ ਕਿ 27 ਸਾਲ ਤੋਂ ਉਹ ਇਸ ਲਈ ਸੰਘਰਸ਼ ਕਰਦੇ ਰਹੇ ਪਰ ਅੱਜ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਸੋ ਬੁੱਢਾ ਨਾਲਾ ਵੱਡੀ ਸਮੱਸਿਆ ਹੈ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੋਕਾਂ ਚ ਵੰਡਦਾ ਹੈ ਇਸ ਵਿੱਚ ਕਈ ਤਰ੍ਹਾਂ ਦੇ ਰਸਾਇਣਿਕ ਪਦਾਰਥ ਸ਼ਾਮਿਲ ਨੇ ਜੋ ਇਨਸਾਨ ਹੀ ਨਹੀਂ ਸਗੋਂ ਜਾਨਵਰਾਂ ਲਈ ਵੀ ਘਾਤਕ ਸਿੱਧ ਹੋ ਰਹੇ ਨੇ।
ਈਟੀਵੀ ਭਾਰਤ ਜ਼ਿੰਮੇਵਾਰ ਪੱਤਰਕਾਰੀ ਕਰਨ ਦੇ ਰਾਹੇ ਚਲਦਿਆਂ, ਇਸ ਗੰਦੇ ਨਾਲੇ ਦੇ ਕਿਨਾਰੇ ਪੈਂਦੇ ਪਿੰਡਾਂ ਦੀ ਵਿਗੜ੍ਹੀ ਜ਼ਿੰਦਗੀ ਦੀ ਨਾ ਸਿਰਫ਼ ਸਾਰ ਲਵੇਗਾ, ਸਗੋਂ ਨਾਲ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਖੜ੍ਹਾ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਈਟੀਵੀ ਭਾਰਤ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।