ਲੁਧਿਆਣਾ: ਬੁੱਢਾ ਨਾਲਾ ਕੁੰਮ ਕਲਾਂ ਤੋਂ ਨਿਕਲਦਾ ਹੈ ਪਰ ਜਦੋਂ ਲੁਧਿਆਣਾ ਸ਼ਹਿਰ ਤੋਂ 15 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਤਾਂ ਫੈਕਟਰੀਆਂ ਦਾ ਵੇਸਟ ਅਤੇ ਸੀਵਰੇਜ ਦਾ ਪਾਣੀ, ਡੇਰਿਆਂ ਦਾ ਵੇਸਟ ਬੁੱਢੇ ਨਾਲੇ ਨੂੰ ਏਨੀ ਬੁਰੀ ਤਰ੍ਹਾਂ ਪ੍ਰਦੂਸ਼ਤ ਕਰ ਦਿੰਦਾ ਹੈ ਕਿ ਜਦੋਂ ਅੱਗੇ ਜਾ ਕੇ ਇਹ ਸਤਲੁਜ ਦਰਿਆ ਵਿੱਚ ਪਿੰਡ ਵਲੀਪੁਰ ਜਾ ਕੇ ਮਿਲਦਾ ਹੈ ਤਾਂ ਇਹ ਅੱਗੇ ਰਾਜਸਥਾਨ ਤੱਕ ਭਿਆਨਕ ਬਮਾਰੀਆਂ ਵੰਡਦਾ ਹੈ। ਕਾਂਗਰਸ ਸਰਕਾਰ ਵੇਲੇ ਬੁੱਢੇ ਨਾਲੇ ਦੀ ਸਫਾਈ ਲਈ ਸਾਢੇ ਛੇ ਸੌ ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਲੁਧਿਆਣਾ ਅੰਦਰ ਬੁੱਢੇ ਨਾਲੇ ਦੇ ਪਾਣੀ ਦੀ ਸਫਾਈ ਲਈ 225 ਐਮ ਐਲ ਡੀ ਦਾ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਬੁੱਢੇ ਨਾਲੇ ਦੀ ਰੂਪ-ਰੇਖਾ ਬਦਲ ਜਾਵੇਗੀ।
ਨਹੀਂ ਸਾਫ ਹੋਇਆ ਪਾਣੀ: ਐਸਟੀਪੀ ਪਲਾਂਟ ਲਗਾਉਣ ਦੇ ਬਾਵਜੂਦ ਵੀ ਬੁੱਢੇ ਨਾਲੇ ਦਾ ਪਾਣੀ ਸਾਫ ਨਹੀਂ ਹੋ ਸਕਿਆ ਹੈ, ਬੁੱਢੇ ਨਾਲੇ ਦੇ ਹਾਲਾਤ ਹਾਲੇ ਵੀ ਤਰਸਯੋਗ ਹੈ ਸਥਾਨਕ ਲੋਕਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਰੰਗ ਤਾਂ ਨਹੀਂ ਬਦਲਿਆ ਪਰ ਸਾਫ ਸਫਾਈ ਦਾ ਕੰਮ ਜ਼ਰੂਰ ਚੱਲ ਰਿਹਾ ਹੈ। ਸਥਾਨਕ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇਹ ਲੁਧਿਆਣਾ ਦੇ ਲਈ ਅਤੇ ਇਲਾਕੇ ਲਈ ਕਲੰਕ ਹੈ। ਇਸ ਦੀ ਸਫਾਈ ਹੋਣੀ ਬੇਹੱਦ ਜ਼ਰੂਰੀ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪਾਣੀ ਸਾਫ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੋਇਆ ਪਰ ਆਉਂਦੇ ਸਮੇਂ ਚ ਜੇਕਰ ਹੋ ਜਾਂਦਾ ਹੈ ਤਾਂ ਚੰਗਾ ਹੋਵੇਗਾ।
225 ਐਮ ਐਲ ਡੀ ਪਲਾਂਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਤਾਜਪੁਰ ਰੋਡ ਤੇ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਐਸਟੀਪੀ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦੀ ਸਮਰੱਥਾ 225 ਐਮ ਐਲ ਡੀ ਸੀ ਪਰ ਬੁੱਢੇ ਨਾਲੇ ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਪਾਣੀ ਹੈ। ਕਾਂਗਰਸ ਨੇ ਜਦੋਂ ਇਹ ਪ੍ਰਾਜੈਕਟ ਪਾਸ ਕੀਤਾ ਗਿਆ ਸੀ ਤਾਂ ਉਸ ਵੇਲੇ ਬੁੱਢੇ ਨਾਲੇ ਦੇ ਪਾਣੀ ਨੂੰ ਮਿਲਿਆ ਗਿਆ ਸੀ ਜੋ ਕਿ ਹੁਣ ਉਸ ਸਮੇਂ ਤੋਂ ਕਾਫੀ ਵਧ ਗਿਆ ਹੈ। ਮੁੱਖ ਮੰਤਰੀ ਪੰਜਾਬ ਨੇ ਦਾਅਵਾ ਕੀਤਾ ਸੀ ਕਿ ਆਉਂਦੇ ਦਿਨਾਂ ਦੇ ਵਿਚ ਪਾਣੀ ਦਾ ਰੰਗ ਬਦਲਣ ਲੱਗ ਜਾਵੇਗਾ ਪਰ ਮੌਜੂਦਾ ਹਲਾਤਾਂ ਦੇ ਵਿਚ ਪਾਣੀ ਦਾ ਰੰਗ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ।
ਬੁੱਢੇ ਨਾਲੇ ਦਾ ਅਸਰ: ਲੁਧਿਆਣਾ ਦਾ ਬੁੱਢਾ ਨਾਲਾ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਪਰ ਰਾਜਸਥਾਨ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਇਹ ਨਾਲਾ ਵਲੀਪੁਰ ਪਿੰਡ ਨੇੜੇ ਸਤਲੁਜ ਦਰਿਆ ਦੇ ਵਿਚ ਜਾ ਕੇ ਮਿਲਦਾ ਹੈ, ਜਿੱਥੇ ਇਹ ਸਤਲੁਜ ਦਰਿਆ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਤ ਕਰ ਦਿੰਦਾ ਹੈ ਅਤੇ ਇਹ ਸਤਲੁਜ ਦਰਿਆ ਅੱਗੇ ਰਾਜਸਥਾਨ ਜਾਂਦਾ ਹੈ ਜਿੱਥੇ ਲੋਕ ਇਸ ਨੂੰ ਪੀਣ ਲਈ ਵਰਤਦੇ ਹਨ। ਇਹੀ ਕਾਰਨ ਹੈ ਕਿ ਮਾਲਵੇ ਦੇ ਬਹੁਤੇ ਹਿੱਸੇ ਵਿੱਚ ਸਤਲੁਜ ਦਰਿਆ ਦੇ ਕੰਢੇ ਦੇ ਇਲਾਕੇ ਦੇ ਲੋਕ ਕਈ ਭਿਆਨਕ ਬਿਮਾਰੀਆਂ ਤੋਂ ਗ੍ਰਸਤ ਨੇ। ਕੈਂਸਰ ਕਾਲਾ ਪੀਲੀਆ ਚਮੜੀ ਰੋਗ ਆਦਿ ਵਰਗੀਆਂ ਬੀਮਾਰੀਆਂ ਪਿੰਡਾਂ ਦੇ ਪਿੰਡ ਤਬਾਹ ਕਰ ਰਹੀਆਂ ਨੇ। ਬੁੱਢੇ ਨਾਲੇ ਦੇ ਕਹਿਰ ਕਰਕੇ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਨੇ।
ਵਿਰੋਧੀਆਂ ਨੇ ਚੁੱਕੇ ਸਵਾਲ: ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਕਾਂਗਰਸ ਵੇਲੇ ਜਦੋਂ ਇਸ ਸਬੰਧੀ ਗਰਾਂਟ ਜਾਰੀ ਕੀਤੀ ਗਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੇ ਕਿਹਾ ਸੀ ਕਿ ਪੈਸੇ ਦੀ ਸਹੀ ਵਰਤੋਂ ਨਹੀਂ ਹੋ ਰਹੀ ਮਹੇਸ਼ ਇੰਦਰ ਗਰੇਵਾਲ ਨੇ ਦਾਅਵਾ ਕੀਤਾ ਕਿ 660 ਕਰੋੜ ਰੁਪਏ ਬੁੱਢੇ ਨਾਲੇ ਦੀ ਸਫਾਈ ਤੇ ਨਹੀਂ ਲੱਗੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਰਕਾਰ ਨੂੰ ਦੇਣਾ ਹੋਵੇਗਾ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਬੁੱਢੇ ਨਾਲੇ ਦੀ ਗਾਰ ਜ਼ਰੂਰ ਕੱਢ ਲਈ ਹੈ ਅਤੇ ਨਾਲ ਹੀ ਥੋੜ੍ਹੀ ਬਹੁਤ ਸਫ਼ਾਈ ਕੀਤੀ ਗਈ ਹੈ ਪਰ ਪਾਣੀ ਅੱਜ ਵੀ ਓਨਾ ਹੀ ਪ੍ਰਦੂਸ਼ਿਤ ਜਿੰਨਾ ਪਹਿਲਾਂ ਸੀ।
ਇਹ ਵੀ ਪੜ੍ਹੋ : Vigilance summons Former MLA Kuldeep Vaid : ਵਿਜੀਲੈਂਸ ਨੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੂੰ ਭੇਜੇ ਸੰਮਨ, 20 ਮਾਰਚ ਨੂੰ ਕੀਤਾ ਤਲਬ
ਮੁੱਖ ਮੰਤਰੀ ਦਾ ਇੰਤਜ਼ਾਰ: ਲੁਧਿਆਣਾ ਕਾਂਗਰਸ ਤੋਂ ਐਮ ਐਲ ਏ ਰਹਿ ਚੁੱਕੇ ਰਾਕੇਸ਼ ਪਾਂਡੇ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਦਸੰਬਰ ਮਹੀਨੇ ਦੇ ਵਿੱਚ ਉਹ ਬੁੱਢੇ ਨਾਲੇ ਤੇ ਆਕੇ ਨਹਾਉਣਗੇ ਕਿਉਂਕਿ ਪਾਣੀ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਹੀ ਉਡੀਕ ਕਰ ਰਹੇ ਹਾਂ ਦਸੰਬਰ ਮਹੀਨਾ ਲੱਗੇ ਵੀ ਤਿੰਨ ਮਹੀਨੇ ਹੋ ਚੁੱਕੇ ਨੇ, ਪਰ ਹਾਲੇ ਤੱਕ ਬੁੱਢੇ ਨਾਲੇ ਦੇ ਪਾਣੀ ਦੀ ਸਫਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਹੀ ਬੁੱਢੇ ਨਾਲੇ ਦੀ ਸਫਾਈ ਲਈ ਪ੍ਰਾਜੈਕਟ ਪਾਸ ਕੀਤਾ ਗਿਆ ਸੀ ਪਰ ਉਸ ਦੀ ਸਹੀ ਤਰ੍ਹਾਂ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਵਰਤੋਂ ਨਹੀਂ ਕੀਤੀ ਗਈ। ਰਕੇਸ਼ ਪਾਂਡੇ ਨੇ ਕਿਹਾ ਕਿ ਬੁੱਢੇ ਨਾਲੇ ਦੇ ਹਾਲਾਤ ਤਰਸਯੋਗ ਹੈ ਅਤੇ ਲੁਧਿਆਣੇ ਲਈ ਇੱਕ ਵੱਡਾ ਕਲੰਕ ਹੈ ਉਨ੍ਹਾਂ ਕਿਹਾ ਕਿ ਇਸ ਦੀ ਸਫ਼ਾਈ ਹੋਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ।
ਸਰਕਾਰ ਕਰ ਰਹੀ ਉਪਰਾਲੇ: ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਬਾਬ ਗਰੇਵਾਲ ਨੇ ਕਿਹਾ ਹੈ ਕਿ ਘੱਟੋ ਘੱਟ ਸਾਡੀ ਸਰਕਾਰ ਇਸ ਨੂੰ ਲੈ ਕੇ ਉਪਰਾਲੇ ਤਾਂ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇ ਦਸ ਸਾਲ ਅਕਾਲੀ ਦਲ ਦੀ ਸਰਕਾਰ ਰਹੀ ਜਦੋਂ ਕਿ ਪੰਜ ਸਾਲ ਕਾਂਗਰਸ ਦੀ ਸਰਕਾਰ ਹੈ ਅਤੇ ਇਸ ਦੋਵਾਂ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਬੁੱਢੇ ਨਾਲੇ ਦੇ ਹਾਲਾਤ ਤਰਸਯੋਗ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਸੱਤਾ ਵਿਚ ਆਉਂਦਿਆਂ ਹੀ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸਨੂੰ ਗੰਭੀਰਤਾ ਦੇ ਨਾਲ ਹੀ ਲੈ ਰਹੇ ਨੇ l