ਲੁਧਿਆਣਾ: ਰਾਏਕੋਟ ਦੇ ਪਿੰਡ ਰੂਪਾਪੱਤੀ ਦੇ ਇੱਕ ਕਿਸਾਨ ਵੱਲੋਂ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਦੇ ਚੱਕਰ 'ਚ ਵੱਜੀ ਲੱਖਾਂ ਰੁਪਏ ਦੀ ਠੱਗੀ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਜੰਗਲੇ ਨਾਲ ਰੱਸੀ ਪਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦਰਅਸਲ ਮ੍ਰਿਤਕ ਕਿਸਾਨ ਬੂਟਾ ਸਿੰਘ (45) ਪੁੱਤਰ ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਪਿੰਡ ਰਾਜੇਆਲ ਦੇ ਇੱਕ ਵਿਅਕਤੀ ਦੀ ਆਈਲੈਟਸ ਕਲੀਅਰ ਲੜਕੀ ਨਾਲ ਕੀਤਾ ਸੀ ਰਿਸ਼ਤਾ ਕੀਤਾ ਸੀ ਅਤੇ ਲੱਖਾਂ ਰੁਪਏ ਲੜਕੀ ਦੇ ਵਿਦੇਸ਼ ਜਾਣ ਲਈ ਦਿੱਤੇ ਸਨ ਪ੍ਰੰਤੂ ਬਾਅਦ ਲੜਕੀ ਪਰਵਾਰ ਮੁੱਕਰ ਗਿਆ, ਜਿਸ ਤੋਂ ਮ੍ਰਿਤਕ ਪ੍ਰੇਸ਼ਾਨ ਤੇ ਮਾਯੂਸ ਰਹਿੰਦਾ ਸੀ।
ਇਸ ਮੌਕੇ ਸਾਬਕਾ ਸਰਪੰਚ ਦਵਿੰਦਰ ਸਿੰਘ ਰੂਪਾਪੱਤੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਮ੍ਰਿਤਕ ਕਿਸਾਨ ਬੂਟਾ ਸਿੰਘ (45) ਦੇ ਵੱਡੇ ਪੁੱਤਰ ਰਵਦੀਪ ਸਿੰਘ (23) ਨਾਲ ਜਗਰਾਉਂ ਦੇ ਇੱਕ ਏਜੰਟ ਰਾਹੀਂ ਪਿੰਡ ਰਾਜੇਵਾਲ ਨੇੜੇ ਖੰਨਾ ਦੇ ਇੱਕ ਵਿਅਕਤੀ ਨੇ ਆਪਣੀ ਆਈਲੈਟਸ ਪਾਸ ਲੜਕੀ ਨਾਲ 15-16 ਲੱਖ ਰੁਪਏ ਲੈ ਕੇ ਰਿਸ਼ਤਾ ਕੀਤਾ ਸੀ ਤਾਂ ਜੋ ਉਕਤ ਵਿਅਕਤੀ ਦੀ ਲੜਕੀ ਵਿਦੇਸ਼ ਜਾ ਕੇ ਉਸਦੇ ਲੜਕੇ ਨੂੰ ਵੀ ਵਿਦੇਸ਼ ਲੈ ਜਾਵੇਗੀ ਪ੍ਰੰਤੂ ਬਾਅਦ ਵਿੱਚ ਲੜਕੀ ਦਾ ਪਰਿਵਾਰ ਮੁੱਕਰ ਗਿਆ।
ਲੜਕੀ ਪਰਿਵਾਰ ਨੇ ਨਾ ਤਾਂ ਵਿਆਹ ਕਰਵਾਇਆ ਅਤੇ ਨਾ ਹੀ ਮ੍ਰਿਤਕ ਤੋਂ ਲਏ ਰੁਪਏ ਵਾਪਸ ਮੋੜੇ। ਜਿਸ ਕਾਰਨ ਮ੍ਰਿਤਕ ਬੂਟਾ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਬੂਟਾ ਸਿੰਘ 17-18 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਸਵੇਰੇ 2-3 ਵਜੇ ਦੇ ਕਰੀਬ ਘਰੋਂ ਚਲਾ ਗਿਆ, ਜਿਸ ਦੀ ਪਰਿਵਾਰ ਤੇ ਪਿੰਡਵਾਸੀਆਂ ਵੱਲੋਂ ਕਾਫੀ ਭਾਲ ਕੀਤੀ ਗਈ ਪ੍ਰੰਤੂ ਸਵੇਰੇ 5 ਵਜੇ ਦੇ ਕਰੀਬ ਪਿੰਡ ਦੀ ਪਾਣੀ ਵਾਲੀ ਟੈਂਕੀ ਨਾਲ ਉਸਦੀ ਲਾਸ਼ ਲਟਕ ਰਹੀ ਸੀ, ਜਿਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ ਅਤੇ 2 ਪੁੱਤਰ ਰਵਦੀਪ ਸਿੰਘ (23) ਅਤੇ ਰਮਨਜੋਤ ਸਿੰਘ (21) ਨੂੰ ਛੱਡ ਗਿਆ।
ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪਰਿਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸ.ਆਈ ਗੁਲਾਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪਾਸਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਅਤੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨ ਦਰਜ਼ ਕਰ ਲਏ ਗਏ ਹਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।