ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਝਾਕੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਿਲ ਨਾ ਕਰਨ ਨੂੰ ਲੈਕੇ ਉਨ੍ਹਾਂ ਉੱਤੇ ਲੱਗੇ ਸਾਰੇ ਇਲਜ਼ਾਮਾਂ ਦੀ ਸਫਾਈ ਦਿੱਤੀ ਹੈ। ਕੇਂਦਰ ਵੱਲੋਂ ਜਦੋਂ ਪੰਜਾਬ ਦੀ ਝਾਕੀ ਰੱਦ ਕੀਤੀ ਗਈ ਤਾਂ ਸੀਐੱਮ ਮਾਨ ਨੇ ਕੇਂਦਰ ਸਰਕਾਰ ਉੱਤੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਵਤੀਰਾ ਕਰਨ ਦੇ ਇਲਜ਼ਾਮ ਲਾਏ ਸਨ ਅਤੇ ਇਸ ਤੋਂ ਬਾਅਦ ਕਈ ਕਾਂਗਰਸ ਆਗੂਆਂ ਨੇ ਝਾਕੀ ਰੱਦ ਹੋਣ ਦੇ ਕਾਰਣਾਂ ਦਾ ਖੁਲਾਸਾ ਕਰਨ ਦਾ ਦਾਅਵਿਆਂ ਕਰਦਿਆਂ ਸੀਐੱਮ ਮਾਨ ਅਤੇ 'ਆਪ' ਸੁਪਰੀਮੋ ਕੇਜਰੀਵਾਲ ਨੂੰ ਹੀ ਲਪੇਟ ਲਿਆ।
ਜਾਖੜ ਦੇ ਇਲਜ਼ਾਮ ਅਤੇ ਸੀਐੱਮ ਮਾਨ ਦੇ ਜਵਾਬ: ਪੰਜਾਬ ਭਾਜਪਾ ਪ੍ਰਧਾਨ ਨੇ ਝਾਕੀ ਰੱਦ ਹੋਣ ਤੋਂ ਬਾਅਦ ਕਿਹਾ ਸੀ ਕਿ ਪੰਜਾਬ ਦੀ ਝਾਕੀ ਵਿੱਚ ਸ਼ਹੀਦਾਂ ਨੂੰ ਵਿਖਾਉਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਅਤੇ ਸੁਪਰੀਮੋ ਕੇਜਰੀਵਾਲ ਦੀ ਤਸਵੀਰ ਭੇਜੀ ਸੀ ਜਿਸ ਕਰਕੇ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਸੀਐੱਮ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਜਾਂ ਭਾਜਪਾ ਦਾ ਕੋਈ ਵੀ ਨੁਮਾਇਂਦਾ ਇਸ ਇਲਜ਼ਾਮ ਨੂੰ ਸਾਬਿਤ ਕਰ ਦੇਵੇ ਤਾਂ ਉਹ ਸਿਆਸਤ ਛੱਡ ਦੇਣਗੇ।
ਜਾਖੜ ਨੂੰ ਚੁਣੌਤੀ: ਸੀਐੱਮ ਮਾਨ ਨੇ ਅੱਗੇ ਕਿਹਾ ਕਿ ਸੁਨੀਲ ਜਾਖੜ ਨੂੰ ਫਿਲਹਾਲ ਭਾਜਪਾ ਦੀ ਤਰ੍ਹਾਂ ਝੂਠ ਬੋਲਣਾ ਨਹੀਂ ਆਇਆ। ਕਿਸੇ ਵੀ ਤਰ੍ਹਾਂ ਦੀ ਤਸਵੀਰ ਪੰਜਾਬ ਦੀ ਝਾਕੀ ਉੱਤੇ ਨਹੀਂ ਲਗਾਈ ਗਈ ਹੈ ਸਗੋਂ ਪੰਜਾਬ ਦੀ ਝਾਕੀ ਉੱਤੇ ਪੰਜਾਬ ਦੇ ਸੱਭਿਆਚਾਰ, ਧਰਮ ਅਤੇ ਵਿਰਸੇ ਨੂੰ ਵਿਖਾਇਆ ਗਿਆ ਸੀ। ਬਾਕੀ ਸੂਬਿਆਂ ਦੇ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ 9 ਵਾਰ ਪੰਜਾਬ ਦੀ ਝਾਕੀ ਰੱਦ ਕੀਤੀ ਜਾ ਚੁੱਕੀ ਹੈ ਪਰ ਉਦੋਂ ਜਾਖੜ ਨਹੀਂ ਬੋਲੇ। ਉਹਨਾਂ ਕਿਹਾ ਕਿ ਜੇਕਰ ਜਾਖੜ ਇਹ ਸਾਬਿਤ ਕਰ ਦੇਣ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਤਸਵੀਰ ਝਾਂਕੀ ਉੱਤੇ ਲੱਗੀ ਹੋਈ ਸੀ ਤਾਂ ਉਹ ਸਿਆਸਤ ਛੱਡ ਦੇਣਗੇ ਅਤੇ ਜੇਕਰ ਉਹ ਸਾਬਿਤ ਨਾ ਰ ਸਕੇ ਤਾਂ ਜਾਖੜ ਵੀ ਪੰਜਾਬ ਆਉਣਾ ਬੰਦ ਕਰ ਦੇਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਲੁਧਿਆਣਾ ਵਿੱਚ ਦੋ ਹੋਰ ਅਹਿਮ ਮੁੱਦਿਆਂ ਉੱਤੇ ਬੈਠਕ ਕੀਤੀ, ਬੈਠਕ ਤੋਂ ਬਾਅਦ ਉਹਨਾਂ ਕਿਹਾ ਕਿ ਲੁਧਿਆਣਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਤੇ ਐਨੱਆਰਆਈਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਇਹ ਅਹਿਮ ਬੈਠਕ ਕੀਤੀ ਗਈ ਹੈ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ, ਉਹਨਾਂ ਕਿਹਾ ਕਿ ਹਲਵਾਰਾ ਏਅਰਪੋਰਟ ਦਾ ਕੰਮ 15 ਫਰਵਰੀ ਤੱਕ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਰਾਹੂ ਰੋਡ ਪ੍ਰੋਜੈਕਟ ਸਬੰਧੀ ਵੀ ਅੱਜ ਤੋਂ ਕੰਮ ਸ਼ੁਰੂ ਹੋ ਜਾਵੇਗਾ, ਉਹ ਮੁੜ ਤੋਂ ਇਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਜਨਵਰੀ ਮਹੀਨੇ ਦੇ ਵਿੱਚ ਆਉਣਗੇ।
- ਕਪੂਰਥਲਾ ਰਿਆਸਤ ਦੀ ਮਹਾਰਾਣੀ ਗੀਤਾ ਦੇਵੀ ਦਾ ਦਿਹਾਂਤ, ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਲਏ ਆਖਰੀ ਸਾਹ
- ਬਰਨਾਲਾ 'ਚ ਨਬਾਲਿਗ ਕੁੜੀ ਨਾਲ ਗੁਆਂਢੀ ਨੇ ਕੀਤਾ ਜਬਰ ਜਨਾਹ, ਪੁਲਿਸ ਨੇ ਕੀਤਾ ਮਾਮਲਾ ਦਰਜ
- ਤਰਨ ਤਾਰਨ 'ਚ ਸਰਹੱਦੀ ਖੇਤਰ ਨੇੜਿਓਂ ਇੱਕ ਹੋਰ ਨਾਪਾਕ ਡਰੋਨ ਬਰਾਮਦ, ਬੀਐੱਸਐੱਫ ਅਤੇ ਪੁਲਿਸ ਦੇ ਸਾਂਝੇ ਸਰਚ ਓਪਰੇਸ਼ਨ ਦੌਰਾਨ ਹੋਈ ਬਰਾਮਦਗੀ
ਕਈ ਅਹਿਮ ਫੈਸਲੇ: ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੋਵੇਗਾ ਜੋ ਇੰਟਰਨੈਸ਼ਨਲ ਏਅਰਪੋਰਟ ਉੱਤੇ ਆਪਣਾ ਹੈਲਪ ਡੈਸਕ ਸਥਾਪਿਤ ਕਰੇਗਾ। ਉਹ ਵਿਦੇਸ਼ ਜਾਣ ਵਾਲੇ ਅਤੇ ਵਿਦੇਸ਼ ਤੋਂ ਆਉਣ ਵਾਲੇ ਪੰਜਾਬੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ। ਇਸ ਦੌਰਾਨ ਉਹਨਾਂ ਕਿਹਾ ਕਿ ਅਸੀਂ ਕਈ ਹੋਰ ਵੀ ਅਹਿਮ ਫੈਸਲੇ ਲਏ ਹਨ। ਜਿੰਨੇ ਵੀ ਧੋਖਾਧੜੀ ਦੇਣ ਵਾਲੇ ਟਰੈਵਲ ਏਜੰਟ ਹਨ ਉਹਨਾਂ ਖ਼ਿਲਾਫ਼ ਹੁਣ ਐੱਨਆਰਆਈ ਵਿਭਾਗ ਕਾਰਵਾਈ ਕਰਨ ਦੀ ਸ਼ਕਤੀ ਰੱਖੇਗਾ।