ਖੰਨਾ: ਚੀਨ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਟੀਮ ਵਿੱਚ ਚੀਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵ ਨਰਵਾਲ ਵਿੱਚੋਂ ਅਰਜੁਨ ਚੀਮਾ ਖੰਨਾ ਦੇ ਨਾਲ ਲੱਗਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਵਸਨੀਕ ਹੈ। ਇਸ ਜਿੱਤ ਤੋਂ ਬਾਅਦ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕਈ ਹੋਰ ਸਿਆਸਤਦਾਨਾਂ ਨੇ ਟਵੀਟ ਕਰਕੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਅਰਜੁਨ ਸਿੰਘ ਚੀਮਾ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ: ਉੱਥੇ ਹੀ ਦੂਜੇ ਪਾਸੇ ਇਨ੍ਹਾਂ ਖਿਡਾਰੀਆਂ ਦੇ ਘਰ ਵੀ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮੰਡੀ ਗੋਬਿੰਦਗੜ੍ਹ ਸਥਿਤ ਅਰਜੁਨ ਸਿੰਘ ਚੀਮਾ ਦੇ ਘਰ ਦਾ ਮਾਹੌਲ ਅਜਿਹਾ ਸੀ ਕਿ ਪਰਿਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਫੋਨ ਆਉਂਦੇ ਰਹੇ। ਉਨ੍ਹਾਂ ਦੇ ਘਰ ਪੁੱਜ ਕੇ ਵਧਾਈ ਦੇਣ ਵਾਲੇ ਵੀ ਵੱਡੀ ਗਿਣਤੀ 'ਚ ਸ਼ਾਮਲ ਰਹੇ। ਪਰਿਵਾਰ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਆਪਣੇ ਪੁੱਤ 'ਤੇ ਮਾਣ ਮਹਿਸੂਸ ਕੀਤਾ।
ਅਰਜੁਨ ਦਾ ਅਗਲਾ ਨਿਸ਼ਾਨਾ ਓਲੰਪਿਕ: ਇਸ ਦੌਰਾਨ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਰਜੁਨ ਦਾ ਅਗਲਾ ਨਿਸ਼ਾਨਾ ਓਲੰਪਿਕ ਹੈ। ਵਾਹਿਗੁਰੂ ਮਿਹਰ ਕਰਨਗੇ ਤੇ ਮਿਹਨਤ ਰੰਗ ਲੈ ਕੇ ਆਵੇਗੀ। ਅਰਜੁਨ ਦੇ ਪਿਤਾ ਸੰਦੀਪ ਸਿੰਘ ਚੀਮਾ ਬਿਜਨੈਸਮੈਨ ਹਨ। ਚਾਚਾ ਜਗਵਿੰਦਰ ਸਿੰਘ ਚੀਮਾ ਪੰਜਾਬ ਪੁਲਿਸ 'ਚ ਕਮਾਂਡੈਂਟ ਹਨ ਅਤੇ ਮਾਮਾ ਹਰਪ੍ਰੀਤ ਸਿੰਘ ਪ੍ਰਿੰਸ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਨ।
ਅਰਜੁਨ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਮ ਕੀਤਾ ਰੌਸ਼ਨ: ਇਸ ਦੌਰਾਨ ਅਰਜੁਨ ਦੇ ਪਿਤਾ ਸੰਦੀਪ ਸਿੰਘ ਚੀਮਾ ਤੇ ਮਾਤਾ ਕਿਰਨਦੀਪ ਕੌਰ ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ, ਜਿਹਨਾਂ ਨੇ ਉਨ੍ਹਾਂ ਦੇ ਪੁੱਤਰ ਉਪਰ ਅਪਾਰ ਕ੍ਰਿਪਾ ਕੀਤੀ ਅਤੇ ਉਨ੍ਹਾਂ ਦੇ ਪੁੱਤ ਨੇ ਏਸ਼ੀਆ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਅਰਜੁਨ ਦੇ ਚਾਚਾ ਤੇ ਪੰਜਾਬ ਪੁਲਿਸ ਦੇ ਕਮਾਂਡੈਂਟ ਜਗਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪਰਿਵਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਇੱਕ ਵਾਰ ਤਾਂ ਮੈਚ ਪੂਰੀ ਤਰ੍ਹਾਂ ਫਸ ਗਿਆ ਸੀ। ਕਈ ਵਾਰ ਦਿਲ ਵੀ ਟੁੱਟਿਆ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਅਜਿਹੀ ਉਪਲਬਧੀ ਮਿਲੀ ਕਿ ਸੋਚ ਵੀ ਨਹੀਂ ਸਕਦੇ।
ਅਰਜੁਨ ਨੇ ਚਾਚੇ ਦੇ ਮਾਰਗ ਦਰਸ਼ਨ ਸਦਕਾ ਕੀਤਾ ਮੁਕਾਮ ਹਾਸਿਲ: ਇਸ ਦੌਰਾਨ ਮਾਮਾ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਅੱਜ ਇਹ ਮੁਕਾਮ ਅਰਜੁਨ ਨੇ ਆਪਣੇ ਮਾਤਾ-ਪਿਤਾ ਤੇ ਚਾਚੇ ਦੇ ਮਾਰਗ ਦਰਸ਼ਨ ਸਦਕਾ ਹਾਸਿਲ ਕੀਤਾ ਹੈ। ਉਹ ਬਹੁਤ ਖੁਸ਼ ਹਨ। ਇਸਦੇ ਨਾਲ ਹੀ ਬਤੌਰ ਪ੍ਰਧਾਨ ਉਹ ਸ਼ਹਿਰ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਬਣਾਉਣ ਜਾ ਰਹੇ ਹਨ। ਟੇਬਲ ਟੈਨਿਸ ਤੇ ਬਾਸਕਟਬਾਲ ਦੇ ਮੈਦਾਨ ਵੀ ਬਣਾਏ ਜਾ ਰਹੇ ਹਨ।
- Sukhpal Khaira Remanded: ਜਲਾਲਾਬਾਦ ਅਦਾਲਤ ਨੇ ਦੋ ਦਿਨ ਦੇ ਰਿਮਾਂਡ 'ਤੇ ਭੇਜਿਆ ਸੁਖਪਾਲ ਖਹਿਰਾ, ਤੜਕਸਾਰ ਚੰਡੀਗੜ੍ਹ ਰਿਹਾਇਸ਼ ਤੋਂ ਹੋਈ ਸੀ ਗ੍ਰਿਫ਼ਤਾਰੀ
- Majithia on Khaira Case: ਸੁਖਪਾਲ ਖਹਿਰਾ ਦੀ ਗ੍ਰਿਫਤਾਰੀ 'ਤੇ ਬੋਲੇ ਬਿਕਰਮ ਮਜੀਠੀਆ, ਕਿਹਾ-ਗਲਤ ਹੋਇਆ ਪਰ ਸ਼ੁਰੂਆਤ ਤੇਰੇ ਬੰਦਿਆਂ ਨੇ ਕੀਤੀ ਸੀ
- Akali Leader Murder: ਹੁਸ਼ਿਆਰਪੁਰ 'ਚ ਦੇਰ ਸ਼ਾਮ ਅਕਾਲੀ ਆਗੂ ਸੁਰਜੀਤ ਅਣਖੀ ਦਾ ਗੋਲੀਆਂ ਮਾਰ ਕੇ ਕਤਲ
ਪਰਿਵਾਰ ਵਿੱਚ ਚੌਥਾ ਵੱਡਾ ਖਿਡਾਰੀ: ਅਰਜਨ ਸਿੰਘ ਚੀਮਾ ਦਾ ਪਰਿਵਾਰ ਖੇਡਾਂ ਨਾਲ ਜੁੜਿਆ ਹੋਇਆ ਹੈ। ਅਰਜੁਨ ਦੇ ਦਾਦਾ ਇੱਕ ਰਾਸ਼ਟਰੀ ਫੁੱਟਬਾਲ ਖਿਡਾਰੀ ਸਨ। ਪਿਤਾ ਸੰਦੀਪ ਸਿੰਘ ਚੀਮਾ ਵੀ ਨੈਸ਼ਨਲ ਫੁੱਟਬਾਲ ਖਿਡਾਰੀ ਰਹਿ ਚੁੱਕੇ ਹਨ। ਚਾਚਾ ਜਗਵਿੰਦਰ ਸਿੰਘ ਚੀਮਾ ਪਾਵਰ ਲਿਫਟਿੰਗ ਵਿੱਚ 5 ਵਾਰ ਏਸ਼ੀਅਨ ਚੈਂਪੀਅਨ ਰਹੇ। ਵਿਸ਼ਵ ਦੇ ਤੀਜੇ ਵੱਡੇ ਖਿਡਾਰੀ ਰਹੇ। ਹੁਣ ਅਰਜੁਨ ਚੀਮਾ ਖੁਦ ਪਰਿਵਾਰ ਦੇ ਚੌਥੇ ਵੱਡੇ ਖਿਡਾਰੀ ਹਨ।