ਲੁਧਿਆਣਾ: ਅਜੋਕੇ ਯੁੱਗ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਫ਼ਿੱਕ ਪੈਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਮੇਹਰਬਾਨ ਅਧੀਨ ਪਿੰਡ ਸਸੋਲੀ ਤੋਂ ਆਇਆ ਹੈ ਜਿੱਥੇ ਇੱਕ ਸਕੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰਵਾ ਦਿੱਤਾ ਉਹ ਵੀ ਸਿਰਫ਼ 600 ਗਜ਼ ਦੇ ਇੱਕ ਪਲਾਟ ਪਿੱਛੇ।
ਦਰਅਸਲ ਬੀਤੇ ਦਿਨੀਂ ਬਲਕਾਰ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਿਸ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਜਿਸ ਨੂੰ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣ। ਬਲਕਾਰ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਹੀ ਭਰਾ ਗੁਰਦੀਪ ਸਿੰਘ ਨੇ ਕਰਵਾਇਆ ਹੈ। ਪੁਲਿਸ ਨੇ ਗੁਰਦੀਪ ਸਿੰਘ ਅਤੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਮਾਮਲੇ ਵਿਚ ਹਾਲੇ ਵੀ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ਜਿਸ ਦੀ ਭਾਲ ਪੁਲਿਸ ਲਗਾਤਾਰ ਕਰ ਰਹੀ ਹੈ।
ਇਸ ਸਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੌਸਤੁਭ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਸਾਡੀ ਰੂਰਲ ਪੁਲਿਸ ਨੇ ਮਿਹਨਤ ਕਰਦਿਆਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਉਨ੍ਹਾਂ ਕਿਹਾ ਕਾਤਲ ਕੋਈ ਹੋਰ ਨਹੀਂ ਸਗੋਂ ਬਲਕਾਰ ਸਿੰਘ ਦਾ ਛੋਟਾ ਭਰਾ ਗੁਰਦੀਪ ਸਿੰਘ ਹੀ ਨਿਕਲਿਆ ਜਿਸ ਨੇ ਤਿੰਨ ਲੋਕਾਂ ਨੂੰ ਪੰਜ ਲੱਖ ਰੁਪਏ ਦੇ ਕੇ ਆਪਣੇ ਹੀ ਭਰਾ ਦਾ ਕਤਲ ਕਰਨ ਦੀ ਫਿਰੋਤੀ ਦਿੱਤੀ ਸੀ ਅਤੇ ਉਨ੍ਹਾਂ ਨੇ ਬੇਰਹਿਮੀ ਨਾਲ ਬਲਕਾਰ ਦਾ ਕਤਲ ਕਰ ਦਿੱਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਦੀਪ ਪਹਿਲਾਂ ਵੀ ਆਪਣੇ ਭਰਾ ਦੇ ਕਤਲ ਦੀ ਕੋਸ਼ਿਸ਼ ਕਰ ਚੁੱਕਾ ਹੈ ਇਸ ਮਾਮਲੇ ਨੂੰ ਦਬਾ ਲਿਆ ਗਿਆ ਪਰ ਆਖ਼ਰਕਾਰ ਉਸ ਨੇ ਫਿਰੌਤੀ ਦੇ ਕੇ ਕਤਲ ਕਰਵਾਇਆ ਅਤੇ ਇਸ ਵਿੱਚ ਤਿੰਨ ਲੋਕ ਸ਼ਾਮਿਲ ਸਨ ਜਿੰਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਨਾਲ ਹੀ ਬਲਕਾਰ ਦੇ ਛੋਟੇ ਭਰਾ ਗੁਰਦੀਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਿਸ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਭ ਗੁਰਦੀਪ ਨੇ ਬਾਹਰ ਜਾਣ ਦੀ ਲਾਲਸਾ ’ਚ ਕੀਤਾ ਕਿਉਂਕਿ ਇੰਨ੍ਹਾਂ ਦੋਵਾਂ ਭਰਾਵਾਂ ਦਾ ਇੱਕ ਸਾਂਝਾ 600 ਗਜ ਪਲਾਟ ਸੀ ਅਤੇ ਗੁਰਦੀਪ ਉਸ ਨੂੰ ਵੇਚਣ ਲਈ ਲਗਾਤਾਰ ਪਿੱਛੇ ਪਿਆ ਹੋਇਆ ਸੀ ਤਾਂ ਕਿ ਉਸ ਨੂੰ ਪੈਸੇ ਮਿਲਣ ਤੇ ਉਹ ਬਾਹਰ ਚਲਾ ਜਾਵੇ ਪਰ ਬਲਕਾਰ ਉਸ ਨੂੰ ਰੋਕ ਰਿਹਾ ਸੀ ਕਿ ਜਦੋਂ ਚੰਗੀ ਕੀਮਤ ਮਿਲੇਗੀ ਉਦੋਂ ਵੇਚਾਂਗੇ ਪਰ ਇਸੇ ਦੀ ਰੰਜਿਸ਼ ਵਿਚ ਆ ਕੇ ਉਸ ਨੇ ਆਪਣੇ ਭਰਾ ਦਾ ਕਤਲ ਕਰਵਾ ਦਿੱਤਾ।
ਇਹ ਵੀ ਪੜ੍ਹੋ: ਲੁਧਿਆਣਾ ਦੀਆਂ 113 ਅਸੁਰੱਖਿਅਤ ਇਮਾਰਤਾਂ, ਲੋਕ ਪਰੇਸ਼ਾਨ, ਪ੍ਰਸ਼ਾਸਨ ਸੁੱਤਾ