ਲੁਧਿਆਣਾ: ਜ਼ਿਲ੍ਹੇ ‘ਚ ਭਾਜਪਾ ਵੱਲੋਂ ਸਿੱਖਾਂ ਦੇ ਪੰਜਾਬੀਆਂ ਦੇ ਘਰ-ਘਰ ਜਾ ਕੇ ਮਨਿਸਟਰੀ ਆਫ ਬਰੌਡਕਾਸਟ ਵੱਲੋਂ ਬੀਤੇ ਸਾਲ ਛਾਪੀ ਗਈ ਕਿਤਾਬ ਵੰਡੀ ਜਾ ਰਹੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਸਿੱਖਾਂ ਨਾਲ ਰਿਸ਼ਤਾ ਅਤੇ ਉਨ੍ਹਾਂ ਦੀ ਕੀਤੇ ਯਤਨਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਕ ਪਾਸੇ ਜਿਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਭਾਜਪਾ ਹੁਣ ਅਗਾਮੀ ਵਿਧਾਨ ਸਭਾ ਚੋਣਾਂ ‘ਚ ਆਪਣੀ ਜ਼ਮੀਨ ਬਚਾਉਣ ਲਈ ਯਤਨ ਕਰ ਰਹੀ ਹੈ, ਇਸੇ ਲੜੀ ਤਹਿਤ ਸਿੱਖਾਂ ਅਤੇ ਪੰਜਾਬੀਆਂ ਨੂੰ ਭਰਮਾਉਣ ਲਈ ਭਾਜਪਾ ਵੱਲੋਂ ਹੁਣ ਘਰ-ਘਰ ਜਾ ਕੇ ਪ੍ਰਧਾਨਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖਾਸ ਰਿਸ਼ਤਾ ਨਾਂ ਦੀ ਕਿਤਾਬ ਵੰਡੀ ਜਾ ਰਹੀ ਹੈ।
ਲਗਪਗ 70 ਪੇਜਾਂ ਦੀ ਇਸ ਬੁਕਲੈੱਟ ਦੇ ਵਿੱਚ 19 ਅਜਿਹੇ ਪੁਆਇੰਟ ਦਰਸਾਏ ਗਏ ਨੇ ਜਿਸ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬੀ ਅਤੇ ਸਿੱਖ ਹਮਾਇਤੀ ਦੱਸਿਆ ਗਿਆ। ਇਨ੍ਹਾਂ ਵਿੱਚ ਕਰਤਾਰਪੁਰ ਸਾਹਿਬ ਦਾ ਕੋਰੀਡੋਰ, 84 ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਸਜ਼ਾਵਾਂ, ਲੰਗਰ ਨੂੰ ਟੈਕਸ ਮੁਕਤ ਕਰਨਾ, ਅਤੇ ਗੁਰੂ ਸਾਹਿਬਾਨਾਂ ਦੇ ਮਨਾਏ ਗਏ ਵੱਡੇ ਪੱਧਰ ‘ਤੇ ਪ੍ਰਕਾਸ਼ ਪੁਰਬ ਆਦਿ ਦਾ ਜ਼ਿਕਰ ਕੀਤਾ ਗਿਆ।
ਭਾਜਪਾ ਦੇ ਸੀਨੀਅਰ ਆਗੂ ਅਤੇ ਬੀਤੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਪ੍ਰਵੀਨ ਬਾਂਸਲ ਨੇ ਕਿਹਾ ਕਿ ਇਸ ਕਿਤਾਬ ਵਿਚ ਭਾਜਪਾ ਸਰਕਾਰ ਦਾ ਸਿੱਖਾਂ ਨਾਲ ਰਿਸ਼ਤਾ ਬਿਆਨ ਕੀਤਾ ਗਿਆ।
ਉੱਥੇ ਹੀ ਦੂਜੇ ਪਾਸੇ ਲਗਾਤਾਰ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ‘ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ ਚੋਣਾਂ ਵਿਚ ਉਹ ਵੋਟਾਂ ਹਾਸਿਲ ਕਰਨ ਲਈ ਇਹ ਸਭ ਹਥਕੰਡੇ ਅਪਣਾ ਰਹੀ ਹੈ।