ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਰਾਏਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਰਾਏਕੋਟ ਬਲਾਕ ਦੇ ਡੇਢ ਦਰਜਨ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਨੇ ਭਾਗ ਲਿਆ। ਇਸ ਮੌਕੇ ਸਮੂਹ ਆਗੂਆਂ ਨੇ ਇੱਕ-ਸੁਰ ਵਿੱਚ ਪੰਜਾਬ ਦੀ ਕਾਂਗਰਸ ਹਕੂਮਤ ਦੇ ਦੋਗਲੇ ਕਿਰਦਾਰ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਪੰਜਾਬ ਅਸੈਬਲੀ ਦਾ ਇਜਲਾਸ ਸੱਦ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਰੱਦ ਕੀਤੇ ਜਾਣ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਜਨਤਕ ਇਕੱਠਾਂ 'ਤੇ ਲਗਾਈ ਪਬੰਦੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰ ਅਤੇ ਬਲਾਕ ਸਕੱਤਰ ਮਨਜਿੰਦਰ ਸਿੰਘ ਜੱਟਪੁਰਾ ਨੇ ਦੱਸਿਆ ਕਿ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 10 ਅਗਸਤ ਨੂੰ ਸੂਬੇ ਭਰ ਵਿੱਚ ਖੇਤੀ ਆਰਡੀਨੈਂਸਾਂ 'ਤੇ ਬਿਜਲੀ ਐਕਟ 2020 ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਮੋਟਰਸਾਈਕਲ-ਸਕੂਟਰ ਮਾਰਚ ਕਰਕੇ ਸਾਰੇ ਚੁਣੇ ਵਿਧਾਇਕਾਂ/ਐਮ.ਪੀਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜਿਸ ਤਹਿਤ 10 ਅਗਸਤ ਨੂੰ ਬਲਾਕ ਰਾਏਕੋਟ ਦੇ ਕਿਸਾਨ ਪਿੰਡ ਕਮਾਲਪੁਰਾ ਵਿਖੇ 10 ਵਜੇ ਸਵੇਰੇ ਇੱਕਠੇ ਹੋ ਕੇ ਮਾਰਚ 'ਚ ਸ਼ਾਮਲ ਹੋਣਗੇ ਅਤੇ ਵਿਸ਼ਾਲ ਮਾਰਚ ਦੌਰਾਨ ਰਾਏਕੋਟ ਵਿਖੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਅਤੇ ਹਲਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਕਿਸਾਨ ਆਗੂਆਂ ਨੇ 12 ਅਗਸਤ ਨੂੰ ਮਹਿਲਕਲਾਂ ਵਿਖੇ ਕਰਵਾਏ ਜਾ ਰਹੇ ਕਿਰਨਜੀਤ ਯਾਦਗਾਰੀ ਸਮਾਗਮ ਦਾ ਪੋਸਟਰ ਜਾਰੀ ਕੀਤਾ।