ਲੁਧਿਆਣਾ: ਰੇਲਵੇ ਸਟੇਸ਼ਨ ਦੇ ਬਾਹਰ ਆਟੋ ਚਾਲਕ ਦੀ ਭੇਦਭਰੇ ਹਾਲਤ 'ਚ ਮੌਤ ਹੋ ਗਈ ਹੈ। ਦਰਅਸਲ ਇੱਕ ਆਟੋ ਚਾਲਕ ਨੂੰ ਆਰਪੀਐਫ ਨੇ ਉਨ੍ਹਾਂ ਦੇ ਏਰੀਏ ਚ ਆਟੋ ਖੜ੍ਹਾ ਕਰਨ ਨੂੰ ਲੈ ਕੇ ਹਿਰਾਸਤ ਚ ਲੈ ਲਿਆ ਜਿਸ ਦਾ ਬਾਕੀ ਆਟੋ ਚਾਲਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਹਿਰਾਸਤ ਚ ਲਿਆ ਹੋਇਆ ਆਟੋ ਚਾਲਕ ਬਾਹਰ ਆਇਆ ਉਹ ਘਬਰਾ ਕੇ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਹਸਪਤਾਲ ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਾਦਸੇ ਦੌਰਾਨ ਆਟੋ ਚਾਲਕ ਯੂਨੀਅਨ ਨੇ ਪੁਲਿਸ ਮੁਲਾਜ਼ਮਾਂ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਗਰੀਬ ਨੇ ਅਤੇ ਆਟੋ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ ਪਰ ਇਸਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਤੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਆਰਪੀਐੱਫ ਲਾਈਨ ਕਰਾਸਿੰਗ ਦਾ ਉਨ੍ਹਾਂ 'ਤੇ ਜ਼ੁਰਮਾਨਾ ਲਾਉਂਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸਰਕਾਰੀ ਕੰਮਾਂ ਲਈ ਆਟੋਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਫੀਸ ਵੀ ਨਹੀਂ ਦਿੱਤੀ ਜਾਂਦੀ।
ਇਹ ਵੀ ਪੜ੍ਹੋ: ਝਾਰਖੰਡ ਵਿਧਾਨਸਭਾ ਚੋਣਾਂ: ਦੂਜੇ ਗੇੜ 'ਚ 20 ਸੀਟਾਂ ਲਈ ਵੋਟਿੰਗ ਜਾਰੀ
ਉਨ੍ਹਾਂ ਨੇ ਦੱਸਿਆ ਕਿ ਹਰ ਵਾਰ ਪੁਲਿਸ ਇਸ ਤਰ੍ਹਾਂ ਹੀ ਆਟੋ ਚਾਲਕਾ ਨੂੰ ਹਿਰਾਸਤ 'ਚ ਲੈ ਕੇ ਜੁਰਮਾਨਾ ਲੈ ਰਹੀ ਹੈ। ਇਸ ਇਹ ਇੱਥੇ ਦਾ ਤੀਜਾ ਹਾਦਸਾ ਹੈ।
ਇਸ 'ਤੇ ਐਸਐਚਓ ਬਲਵੀਰ ਸਿੰਘ ਘੁੰਮਣ ਨੇ ਕਿਹਾ ਕਿ ਆਟੋ ਚਾਲਕ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਜੋ ਆਰਪੀਐਫ਼ ਤੇ ਉਨ੍ਹਾਂ 'ਤੇ ਦਬਾਅ ਪਾਉਣ ਦੇ ਇਲਜ਼ਾਮ ਲਾ ਰਹੀ ਹੈ, ਉਹ ਗਲ਼ਤ ਨੇ।
ਉਨ੍ਹਾਂ ਕਿਹਾ ਕਿ ਬੇਹੋਸ਼ ਹੋਣ ਤੇ ਡਿੱਗਣ ਕਾਰਨ ਹੀ ਆਟੋ ਚਾਲਕ ਦੀ ਬਾਹਰ ਮੌਤ ਹੋਈ ਹੈ ਪਰ ਫਿਰ ਵੀ ਆਰਪੀਐੱਫ ਜਾਂਚ ਕਰ ਰਹੀ ਹੈ।