ਲੁਧਿਆਣਾ: ਇਥੋਂ ਦੇ ਸ਼ਿਵਪੁਰੀ ਇਲਾਕੇ ਵਿੱਚ ਕਾਂਗਰਸ ਤੇ ਅਕਾਲੀ ਵਰਕਰਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਪਿਤਾ ਰਾਜ ਕੁਮਾਰ ਕਵਾਤਰਾ ਤੇ ਹਮਲਾ ਕਰ ਦਿੱਤਾ ਗਿਆ। ਇਸ ਦੇ ਚਲਦਿਆਂ ਅਨਮੋਲ ਆਪਣੇ ਸਮਰੱਥਕਾਂ ਨਾਲ ਸ਼ਿਵਪੁਰੀ ਇਲਾਕੇ 'ਚ ਹੀ ਧਰਨੇ 'ਤੇ ਬੈਠ ਗਿਆ ਤੇ ਵੇਖਦਿਆਂ ਹੀ ਉਸ ਨਾਲ ਹੋਰ ਹਜ਼ਾਰਾਂ ਸਮਰਥਕ ਜੁੱਟ ਗਏ।
ਇਸ ਸਬੰਧੀ ਅਨਮੋਲ ਨੇ ਕਿਹਾ ਕਿ ਜਦੋਂ ਤੱਕ ਉਸ ਦੇ ਪਿਤਾ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਧਰਨੇ 'ਤੇ ਡਟਿਆ ਰਹੇਗਾ। ਅਨਮੋਲ ਦੇ ਪਿਤਾ ਰਾਜਕੁਮਾਰ ਕਵਾਤਰਾ ਨੇ ਕਿਹਾ ਕਿ ਉਨ੍ਹਾਂ ਨਾਲ ਕਾਂਗਰਸੀਆਂ ਵੱਲੋਂ ਧੱਕਾ ਕੀਤਾ ਗਿਆ ਹੈ ਤੇ ਕਾਂਗਰਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਅਨਮੋਲ ਦਾ ਸਮਰਥਨ ਕਰਨ ਲਈ ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਬੈਂਸ ਵੀ ਪਹੁੰਚੇ। ਸਿਮਰਜੀਤ ਬੈਂਸ ਨੇ ਕਿਹਾ ਅਨਮੋਲ ਦੇ ਪਰਿਵਾਰ ਦੇ ਨਾਲ ਜੋ ਵੀ ਹੋਇਆ ਉਹ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੀ ਮੌਕੇ 'ਤੇ ਮੌਜੂਦ ਰਹੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।