ਲੁਧਿਆਣਾ: ਸਾਬਕਾ ਮੰਤਰੀ ਤੇ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ ਅਜਮੇਰ ਸਿੰਘ ਭਾਗਪੁਰ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ। ਅਜਮੇਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਮੇਰ ਸਿੰਘ ਨੇ ਜੰਮ ਕੇ ਅਕਾਲੀ ਦਲ 'ਤੇ ਆਪਣੇ ਹੀ ਭਰਾ ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਚੱਲਦੀ ਤੇ ਸੈਂਕੜੇ ਵਰਕਰ ਨਾਰਾਜ਼ ਬੈਠੇ ਹਨ।
ਅਜਮੇਰ ਸਿੰਘ ਨੇ ਕਿਹਾ ਕਿ ਜਦੋਂ ਉੁਨ੍ਹਾਂ ਦੇ ਭਰਾ ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਬਣੇ ਸਨ ਉਦੋਂ ਵੀ ਉਨ੍ਹਾਂ ਨੇ ਆਪਣੇ ਭਰਾ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ ਕਿਉਂਕਿ ਉਹ ਕਾਂਗਰਸ ਦੇ ਸਮਰਥਨ ਨਾਲ ਹੀ ਚੇਅਰਮੈਨ ਬਣੇ ਸਨ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਨਾਲ ਕੋਈ ਵੀ ਮਤਭੇਦ ਨਹੀਂ ਪਰ ਸੋਚ ਵੱਖਰੀ ਹੋਣ ਕਾਰਨ ਉਸ ਨੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਅਜਮੇਰ ਸਿੰਘ ਅਕਾਲੀ ਦਲ 'ਚ ਕਈ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ ਹਨ।