ਲੁਧਿਆਣਾ: ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸਤ ਭੱਖਣ ਲੱਗ ਪਈ ਹੈ। ਪੰਜਾਬ ਦੀ ਸਿਆਸਤ 'ਚ ਆਮ ਆਦਮੀ ਪਾਰਟੀ ਇੱਕ ਵਾਰ ਮੁੜ ਤੋਂ ਆਪਣੀ ਸਾਖ਼ ਬਚਾਉਣ ਲਈ ਚੋਣ ਮੈਦਾਨ 'ਚ ਉਤਰ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਐੱਚ ਐੱਸ ਫੂਲਕਾ ਦੇ ਅਸਤੀਫ਼ੇ ਦੇਣ ਤੋਂ ਬਾਅਦ ਲੁਧਿਆਣਾ ਦੇ ਮੁੱਲਾਂਪੁਰ ਦਾਖ਼ਾ 'ਚ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨੌਜਵਾਨ ਚਿਹਰੇ ਅਮਨਦੀਪ ਸਿੰਘ ਮੋਹੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮੋਹੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਹੀ ਉਹ ਲੋਕਾਂ ਦੀ ਕਚਹਿਰੀ 'ਚ ਉਤਰਨਗੇ। ਉਨ੍ਹਾਂ ਕਿਹਾ ਕਿ ਫੂਲਕਾ ਦੇ ਅਸਤੀਫੇ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਰ ਜਾਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਸਥਾਨਕ ਉਮੀਦਵਾਰ ਹੀ ਹੁਣ ਮਿਲ ਜਾਵੇਗਾ। ਅਮਨਦੀਪ ਮੋਹੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਖੁਦ ਪੈਰਾਸ਼ੂਟ ਉਮੀਦਵਾਰ ਨੇ ਅਤੇ ਮਨਪ੍ਰੀਤ ਇਯਾਲੀ ਕਈ ਵਾਰ ਚੋਣਾਂ ਹਾਰ ਚੁੱਕੇ ਹਨ ਇਸ ਕਰਕੇ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਆਪ' ਨੇ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ, ਦਾਖਾ ਤੋਂ ਅਮਨਦੀਪ ਸਿੰਘ ਮੋਹੀ, ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ। ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ ਅਤੇ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ।