ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਦਫਤਰ ਤੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਵਿਧਾਇਕ ਦੇ ਨਾਮ 'ਤੇ ਦਸਤਖਤ ਅਤੇ ਮੋਹਰ ਲਗਾ ਕੇ ਇੱਕ ਮੁਲਜ਼ਮ ਦੀ ਮਦਦ ਕਰ ਰਹੀ ਸੀ। ਇਸ ਦੀ ਸ਼ਿਕਾਇਤ ਗਿਆਸਪੁਰਾ ਦੇ ਪਟਵਾਰੀ ਜਮਿੰਦਰ ਸਿੰਘ ਨੇ ਕੀਤੀ, ਜਦੋਂ ਰਾਮ ਬਖਸ਼ ਨਾਂ ਦਾ ਸਖ਼ਸ਼ ਪਟਵਾਰ ਖਾਨੇ ਵਿੱਚ ਐੱਮਐੱਲਏ ਦੀ ਮੋਹਰ ਲੱਗੀ ਰਜਿਸਟਰੀ ਲੈਕੇ ਫਰਦ ਅਤੇ ਇੰਤਕਾਲ ਲੈਣ ਲਈ ਗਿਆ। ਇਸ ਦੌਰਾਨ ਜਦੋਂ ਪਟਵਾਰੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ।
ਐੱਫ.ਆਈ.ਆਰ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ: ਸ਼ਿਕਾਇਤ ਮਗਰੋਂ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਦਸਤਖ਼ਤ ਜਾਅਲੀ ਸਨ ਅਤੇ ਵਿਧਾਇਕ ਦੇ ਦਫਤਰ 'ਚ ਕੰਮ ਕਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਨੇ ਰਾਮੁ ਨੂੰ ਨਕਲੀ ਦਸਤਖ਼ਤ ਅਤੇ ਐੱਮਐੱਲਏ ਦੀ ਮੋਹਰ ਵਿਧਾਇਕਾ ਦੀ ਗੈਰ ਹਾਜ਼ਰੀ ਵਿੱਚ ਲਗਾ ਕੇ ਦਿੱਤੀ ਸੀ, ਜਿਸ ਦੇ ਸਬੰਧ 'ਚ ਥਾਣਾ ਡਾਬਾ 'ਚ ਐੱਫ.ਆਈ.ਆਰ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਅਧਿਕਾਰੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਹ ਮਾਮਲਾ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਦਫ਼ਤਰ ਤੋਂ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿੱਚ ਐਫ.ਆਈ.ਆਰ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਔਰਤ ਦੀ ਪਹਿਚਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ ਅਤੇ ਮਹਿਲਾ ਦੇ ਸਾਥੀ ਮੁਲਜ਼ਮ ਦੀ ਪਛਾਣ ਰਾਮ ਬਖਸ਼ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵਿਧਾਇਕਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦਾ ਇੱਕ ਹੀ ਪੀਏ ਹੈ ਅਤੇ ਕੋਈ ਹੋਰ ਪੀਏ ਨਹੀਂ ਹੈ। ਇਸ ਦੌਰਾਨ ਵਿਧਾਇਕਾ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਤੋਂ ਇਲਾਵਾ ਉਨ੍ਹਾਂ ਦੇ ਦਫਤਰ ਵਿੱਚ ਕੋਈ ਹੋਰ ਅਥਰੋਟੀ ਵਾਲਾ ਨਹੀਂ ਹੈ।
5 ਰਜਿਸਟਰੀਆਂ ਬਰਾਮਦ ਹੋਈਆਂ: ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਮੁਲਜ਼ਮਾਂ ਕੋਲ 5 ਰਜਿਸਟਰੀਆਂ ਬਰਾਮਦ ਹੋਈਆਂ ਨੇ ਜਿਸ ਉੱਤੇ ਐੱਮਐੱਲਏ ਦੀ ਮੋਹਰ ਲੱਗੀ ਹੋਈ ਸੀ। ਦੋਵੇਂ ਮਿਲੀਭੁਗਤ ਨਾਲ ਇਹ ਕੰਮ ਕਰ ਰਹੇ ਸਨ, ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਕੇ ਮੁਲਜ਼ਮਾਂ ਨੇ ਹੋਰ ਕਿੱਥੇ-ਕਿੱਥੇ ਐੱਮਐੱਲਏ ਸਟੈਂਪ ਦੀ ਵਰਤੋਂ ਕੀਤੀ ਹੈ।