ਲੁਧਿਆਣਾ: ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸ ਦੌਰਾਨ ਸਰਕਾਰ ਵੱਲੋਂ ਲੌਕਡਾਊਨ ਕਾਰਨ ਫੈਕਟਰੀਆਂ ਅਤੇ ਹੋਰ ਪ੍ਰਾਈਵੇਟ ਦਫ਼ਤਰਾਂ ਵਿਚ ਕੰਮ ਠੱਪ ਹੋ ਗਿਆ ਹੈ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਸੂਬਿਆ ਨੂੰ ਵਾਪਸ ਜਾ ਰਹੀ ਹੈ।ਲੁਧਿਆਣਾ ਵਿਚ ਇਕ ਅੰਦਾਜ਼ੇ ਦੇ ਤੌਰ ਉਤੇ 7 ਲੱਖ ਦੇ ਕਰੀਬ ਲੇਬਰ ਰਹਿੰਦੀ ਹੈ। ਇਸ ਵਿਚੋਂ 50-60 ਫੀਸਦੀ ਲੇਬਰ ਪਹਿਲਾ ਹੀ ਘਰਾਂ ਨੂੰ ਜਾ ਚੁੱਕੀ ਹੈ।
ਇਸ ਮੌਕੇ ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਦਾਅਵਾ ਕੀਤਾ ਹੈ ਕਿ 50-60 ਫੀਸਦੀ ਲੇਬਰ ਆਪੋ ਆਪਣੇ ਸੂਬਿਆਂ ਨੂੰ ਵਾਪਸ ਪਰਤ ਚੁੱਕੀ ਹੈ।ਹੁਣ ਇੱਥੇ ਥੋੜੀ ਜਿਹੀ ਲੇਬਰ ਹੀ ਕੰਮ ਕਰ ਰਹੀ ਹੈ।
ਡੀ ਐਸ ਚਾਵਲਾ ਨੇ ਕਿਹਾ ਕਿ ਸਰਕਾਰ ਦੇ ਫ਼ੈਸਲਿਆਂ ਦੀ ਮਾਰ ਸਿੱਧੇ ਤੌਰ ਤੇ ਐੱਮ ਐੱਸ ਐੱਮ ਈ ਯਾਨੀ ਛੋਟੀਆਂ ਸਨਅਤਾਂ ਉਤੇ ਪੈ ਰਿਹਾ ਹੈ ਕਿਉਂਕਿ ਛੋਟੀਆਂ ਫੈਕਟਰੀਆਂ ਦੇ ਕੋਲ ਕੱਚਾ ਮਾਲ ਮੰਗਵਾਉਣ ਦੇ ਪੈਸੇ ਨਹੀਂ ਹਨ ਅਤੇ ਜੋ ਆਰਡਰ ਪਏ ਹਨ ਉਹ ਵੀ ਉਹ ਸਪਲਾਈ ਨਹੀਂ ਕਰ ਪਾ ਰਹੇ ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਲੌਕਡਾਊਨ ਹੈ।ਉਨ੍ਹਾਂ ਇਹ ਵੀ ਕਿਹਾ ਹੈ ਕਿ ਲੁਧਿਆਣਾ ਵਿੱਚ ਦੁਕਾਨਾਂ ਬੰਦ ਹਨ ਇਸ ਕਰਕੇ ਮਾਲ ਤਿਆਰ ਕਰਕੇ ਵੀ ਉਸ ਤੋਂ ਕੋਈ ਫ਼ਾਇਦਾ ਨਹੀਂ ਹੈ।
ਇਹ ਵੀ ਪੜੋ:ਮੋਹਾਲੀ ਵਿੱਚ ਬਣੇਗਾ 80 ਬੈੱਡਾਂ ਵਾਲਾ ਆਰਜ਼ੀ ਕੋਵਿਡ ਹਸਪਤਾਲ