ਕਪੂਰਥਲਾ: ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਟਰਾਲੇ ਨੂੰ ਅੱਗ ਲੱਗਣ ਕਾਰਨ ਨੌਜਵਾਨ ਸੁਖਵਿੰਦਰ ਸਿੰਘ ਦੀ ਮੌਤ ਹੋਈ ਹੈ। ਇਹ ਹਾਦਸਾ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਵਿੱਚ ਵਾਪਰਿਆ। ਇਸ ਸਬੰਧੀ ਮ੍ਰਿਤਕ ਦੇ ਪਿਤਾ ਪਿਸ਼ੌਰਾ ਸਿੰਘ ਨੇ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਉਨ੍ਹਾਂ ਦਾ ਮੁੰਡਾ ਏਜੰਟ ਰਾਹੀਂ 24 ਲੱਖ ਰੁਪਏ ਲਗਾ ਕੇ ਡੌਂਕੀ ਰਾਹੀਂ ਅਮਰੀਕਾ ਗਿਆ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਘਟਨਾ ਤੜਕਸਾਰ ਭਾਰਤੀ ਸਮੇਂ ਅਨੁਸਾਰ 4 ਵਜੇ ਟਰਾਲੇ ਲੈ ਕੇ ਕੈਲੇਫੋਰਨੀਆ ਤੋਂ ਸ਼ਿਕਾਗੋ ਲਈ ਸਮਾਨ ਲੈ ਕੇ ਜਾ ਰਿਹਾ ਸੀ, ਇਸ ਦੌਰਾਨ ਅਚਾਨਕ ਚਲਦੇ ਟਰਾਲੇ ਨੂੰ ਅੱਗ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ 2 ਭੈਣਾਂ ਦਾ ਇੱਕਲੌਤਾ ਭਰਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕੱਚਾ ਹੋਣ ਕਾਰਨ ਉਹ ਅਮਰੀਕਾ ਤੋਂ ਵਾਪਿਸ ਨਹੀਂ ਪਰਤਿਆ ਸੀ।
ਪਿਸ਼ੌਰਾ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਪਰਿਵਾਰ ਦਾ ਲੱਕ ਟੁੱਟ ਗਿਆ ਹੈ। ਇਸ ਘਟਨਾ ਦੇ ਬਾਅਦ ਪਿੰਡ ਨੰਗਲ ਲੁਬਾਣਾ ਵਿੱਚ ਸੋਗ ਦੀ ਲਹਿਰ ਦੌੜ ਗਈ।