ਕਪੂਰਥਲਾ: ਨਡਾਲਾ ਨੇੜੇ ਸਥਿਤ ਪਿੰਡ ਰਾਏਪੁਰ ਆਰਿਆ ਦੇ ਤਿੰਨ ਨੌਜਾਵਨਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਹ ਤਿੰਨੋ ਨੌਜਵਾਨ ਨਡਾਲਾ ਨੇੜੇ ਸਥਿਤ ਬਿਆਸ ਦਰਿਆ 'ਚ ਮੱਛੀਆਂ ਫੜਨ ਗਏ ਸਨ।
ਲਾਪਤਾ ਨੌਜਵਾਨ ਦੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਲਾਪਤਾ ਨੌਜਾਵਨਾਂ 'ਚ ਦੋ ਰਾਏਪੁਰ ਆਰਿਆ ਪਿੰਡ ਦੇ ਹਨ ਤੇ ਤੀਜਾ ਨੌਜਵਾਨ ਨਜਦੀਕੀ ਪਿੰਡ ਭਕੂਵਾਲ ਦਾ ਰਹਿਣ ਵਾਲਾ ਹੈ। ਤਿੰਨੋਂ ਬੀਤੇ ਦਿਨ ਦੁਪਹਿਰ ਨੂੰ ਇੱਕਠੇ ਹੋ ਕੇ ਬਿਆਸ ਦਰਿਆ ਕੋਲ ਮੱਛੀਆਂ ਫੜਨ ਆਏ ਸਨ, ਪਰ ਦੇਰ ਰਾਤ ਤੱਕ ਵਾਪਸ ਨਾ ਮੁੜਨ 'ਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਸਵੇਰ ਦੇ ਸਮੇਂ ਜਦ ਲੋਕ ਦਰਿਆ ਨੇੜੇ ਉਨ੍ਹਾਂ ਦੀ ਭਾਲ ਕਰਨ ਆਏ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਪਤਾ ਲਗਾ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਹੋਰ ਪੜ੍ਹੋ : ਜੇਲ੍ਹ 'ਚ ਮਾਸਕ ਤਿਆਰ ਕਰ ਰਹੇ ਕੈਦੀ, ਕੈਪਟਨ ਨੇ ਕੀਤੀ ਸ਼ਲਾਘਾ
ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਜਾਂਚ ਲਈ ਪੁੱਜੀ। ਇਸ ਬਾਰੇ ਐੱਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਦਰਿਆ ਦੇ ਨੇੜੇ ਤਿੰਨਾਂ ਨੌਜਵਾਨਾਂ ਦੇ ਮੋਟਰਸਾਈਕਲ, ਮੱਛੀਆਂ ਫੜਨ ਵਾਲਾ ਸਾਮਾਨ ਤੇ ਹੋਰਨਾਂ ਵਸਤੂਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਤਿੰਨਾਂ ਨੌਜਵਾਨਾਂ ਦੇ ਡੂੱਬਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਫਿਲਹਾਲ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।