ਕਪੂਰਥਲਾ: ਦਿੱਲੀ ਦੀ ਸਭ ਤੋਂ ਹਿੱਟ ਮੁੱਖ ਮੰਤਰੀ ਦਾ ਰੁਤਬਾ ਪਾਉਣ ਵਾਲੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸ਼ੀਲਾ ਦੀਕਸ਼ਤ ਦਾ ਪੰਜਾਬ ਅਤੇ ਸ਼ਹਿਰ ਕਪੂਰਥਲਾ ਨਾਲ ਗਹਿਰਾ ਰਿਸ਼ਤਾ ਰਿਹਾ ਹੈ। ਇਹ ਰਿਸ਼ਤਾ ਸ਼ੁਰੂ ਹੁੰਦਾ ਹੈ ਕਪੂਰਥਲਾ ਦੇ ਇੱਕ ਪਿੰਡ ਦੇ ਪੁਰਾਣੇ ਘਰ ਤੋਂ ਜਿੱਥੇ ਸੰਨ 1938 ਵਿੱਚ ਸ਼ੀਲਾ ਦੀਕਸ਼ਿਤ ਨੇ ਜਨਮ ਲਿਆ ਸੀ। ਇਸ ਪੁਰਾਣੇ ਘਰ ਵਿੱਚ ਸ਼ੀਲਾ ਦੀਕਸ਼ਿਤ ਦਾ ਬਚਪਨ ਬੀਤਿਆ ਅਤੇ ਉਨ੍ਹਾਂ ਨੇ ਕਪੂਰਥਲਾ ਦੇ ਹਿੰਦੂ ਪੁੱਤਰੀ ਪਾਠਸ਼ਾਲਾ ਸਕੂਲ ਵਿੱਚ ਸਿੱਖਿਆ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਇਸ ਸਕੂਲ ਦੀ ਅਧਿਆਪਕ ਅਤੇ ਉਸ ਤੋਂ ਬਾਅਦ ਪ੍ਰਿੰਸੀਪਲ ਅਤੇ ਟਰੱਸਟੀ ਤੱਕ ਉਨ੍ਹਾਂ ਦੀ ਆਪਣੀ ਨਾਨੀ ਰਹਿ ਚੁੱਕੀ ਸੀ। ਇਸ ਸਕੂਲ ਵਿੱਚ ਸ਼ੀਲਾ ਦੀਕਸ਼ਿਤ ਨੇ ਨੌਵੀਂ ਤੱਕ ਆਪਣੀ ਸਿੱਖਿਆ ਗ੍ਰਹਿਣ ਕੀਤੀ ਅਤੇ ਇੱਥੋਂ ਹੀ ਸਫ਼ਲਤਾ ਦੇ ਮੁਕਾਮ ਤੱਕ ਪਹੁੰਚਣ ਦੀ ਸ਼ੁਰੂਆਤ ਕੀਤੀ ਅਤੇ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਬਣੀ।
ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਸ਼ੀਲਾ ਦਿਕਸ਼ਿਤ ਨਾ ਤੇ ਆਪਣੇ ਇਸ ਸਕੂਲ ਨੂੰ ਭੁੱਲੀ ਅਤੇ ਨਾ ਹੀ ਆਪਣੇ ਪੁਸ਼ਤੈਨੀ ਘਰ ਨੂੰ, ਜਿੱਥੇ ਉਨ੍ਹਾਂ ਦੇ ਮਾਮਾ ਜੀ ਰਹਿੰਦੇ ਸਨ ਅਤੇ ਉਨ੍ਹਾਂ ਦਾ ਪਿਛਲੇ ਸਾਲ ਹੀ ਦੇਹਾਂਤ ਹੋਇਆ ਹੈ। ਸ਼ੀਲਾ ਦੀਕਸ਼ਿਤ ਤਕਰੀਬਨ ਹਰ ਸਾਲ ਆਪਣੇ ਮਾਮਾ, ਉਨ੍ਹਾਂ ਦੇ ਪਰਿਵਾਰ ਅਤੇ ਆਪਣੇ ਪੁਸ਼ਤੈਨੀ ਘਰ ਨੂੰ ਦੇਖਣ ਲਈ ਆਉਂਦੇ ਸਨ। ਉਨ੍ਹਾਂ ਨੇ 2004 ਵਿੱਚ ਆਪਣੇ ਉਸ ਸਕੂਲ ਦਾ ਵੀ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਨੇ ਬਚਪਨ ਵਿੱਚ ਆਪਣੀ ਪੜ੍ਹਾਈ ਕੀਤੀ ਸੀ।
ਸ਼ੀਲਾ ਦੀਕਸ਼ਿਤ ਬਚਪਨ ਤੋਂ ਹੀ ਅਸਾਧਾਰਨ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਵਿਆਹ ਤੋਂ ਬਾਅਦ ਕੀਤੀ। ਉਨ੍ਹਾਂ ਦੇ ਪਤੀ ਵਿਨੋਦ ਦੀਕਸ਼ਿਤ ਇੱਕ ਸਫ਼ਲ ਆਈਏਐੱਸ ਅਫ਼ਸਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਕਾਂਗਰਸ ਦੇ ਇੱਕ ਦਿੱਗਜ ਨੇਤਾ ਸਨ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕਾਰਜਕਾਲ ਵਿੱਚ ਕਈ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ। ਸ਼ੀਲਾ ਦੀਕਸ਼ਿਤ ਨੂੰ ਆਪਣੇ ਸਹੁਰਾ ਸਾਹਿਬ ਤੋਂ ਰਾਜਨੀਤੀ ਦੇ ਗੁਣ ਅਤੇ ਆਪਣੇ ਪਤੀ ਤੋਂ ਪ੍ਰਸ਼ਾਸਨਿਕ ਗੁਣ ਹਾਸਲ ਹੋਏ ਜਿਸ ਦੀ ਵਰਤੋਂ ਉਨ੍ਹਾਂ ਆਪਣੇ ਸਿਆਸੀ ਸਫ਼ਰ ਵਿੱਚ ਕੀਤੀ।