ਕਪੂਰਥਲਾ : ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਦੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਵੱਡਾ ਕਾਰਨ ਇਹ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਹੁਣ ਪੰਜਾਬ ਵਿੱਚ ਕੁਝ ਲੋਕਾਂ ਦੇ ਜ਼ਰੀਏ ਅਜਿਹੇ ਵੱਡੇ ਨੈਕਸਸ ਚਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੂੰ ਲੈ ਕੇ ਹੁਣ ਪੁਲਿਸ ਵੀ ਐਕਸ਼ਨ ਮੋਡ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਅਤੇ ਅਜਿਹੇ ਲੋਕਾਂ ਉਪਰ ਆਪਣਾ ਸ਼ਿਕੰਜਾ ਕੱਸਦੀ ਦਿਖਾਈ ਦੇ ਰਹੀ ਹੈ।
ਸੁਲਤਾਨਪੁਰ ਲੋਧੀ ਦੇ ਕਾਰੋਬਾਰੀ ਕੋਲੋਂ ਮੰਗੀ 30 ਲੱਖ ਦੀ ਫਿਰੌਤੀ : ਇਕ ਅਜਿਹਾ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਰਹਿਣ ਵਾਲੇ ਇਕ ਨਾਮੀ ਬਿਜ਼ਨਸਮੈਨ ਨੂੰ ਵਿਦੇਸ਼ੀ ਨੰਬਰਾਂ ਤੋਂ ਕਈ ਦਿਨ ਤੋਂ ਧਮਕੀਆਂ ਭਰੇ ਫੋਨ ਆ ਰਹੇ ਸਨ ਅਤੇ ਉਸ ਕੋਲੋਂ ਪੰਜਾਬ ਦੇ ਬਦਨਾਮ ਗੈਂਗਸਟਰ ਅਰਸ਼ ਡੱਲਾ ਦੇ ਨਾਮ ਉਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਉਸ ਬਿਜ਼ਨਸਮੈਨ ਵੱਲੋਂ ਪੁਲਿਸ ਨੂੰ ਤੁਰੰਤ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਵੱਲੋਂ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਦੇ ਨਾਲ ਲੈਂਦਿਆਂ ਹੋਇਆਂ ਵਿਦੇਸ਼ੀ ਨੰਬਰਾਂ ਨੂੰ ਟਰੇਸ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਨਜ਼ਦੀਕੀ ਪਿੰਡ ਦਾ ਹੀ ਨਿਕਲਿਆ ਫੋਨ ਕਰਨ ਵਾਲਾ : ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਬਨਦੀਪ ਸਿੰਘ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਸੁਲਤਾਨਪੁਰ ਲੋਧੀ ਦੇ ਇੱਕ ਨਾਮੀ ਬਿਜ਼ਨਸਮੈਨ ਵੱਲੋਂ ਆਪਣੀ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਜਾਂਦਾ ਹੈ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਹਨ ਤਾਂ ਉਸ ਕੋਲੋਂ ਪੰਜਾਬ ਦੇ ਨਾਮੀ ਗੈਂਗਸਟਰ ਅਰਸ਼ ਡੱਲਾ ਦੇ ਨਾਮ ਉਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਿਹੜੇ ਵੀ ਨੰਬਰਾਂ ਤੋਂ ਉਹਨਾਂ ਨੂੰ ਕਾਲਾਂ ਆ ਰਹੀਆਂ ਸਨ, ਉਹਨਾਂ ਨੂੰ ਟ੍ਰੇਸ ਕਰਕੇ ਇਹ ਪਤਾ ਲਗਾਇਆ ਗਿਆ ਕਿ ਸੁਲਤਾਨਪੁਰ ਲੋਧੀ ਦੇ ਹੀ ਪਿੰਡ ਕੁਤਬੇਵਾਲ ਦਾ ਰਹਿਣ ਵਾਲਾ ਇਕ ਵਿਅਕਤੀ ਅਜੇ ਵਿਕਰਮਜੀਤ ਸਿੰਘ ਜੋ ਫਿਲਿਪੀਂਸ ਦੇ ਵਿੱਚ ਕਾਫ਼ੀ ਸਮੇਂ ਤੋਂ ਰਹਿ ਰਿਹਾ ਹੈ ਅਤੇ ਉਸ ਵੱਲੋਂ ਉਥੇ ਦੇ ਕੁਝ ਹਵਾਲੇ ਦਾ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਰਲ ਕੇ ਪੈਸਿਆਂ ਦੀ ਮੰਗ ਕੀਤੀ ਗਈ ਹੈ।
ਵਿਕਰਮਜੀਤ ਸਿੰਘ ਦਾ ਚਾਚਾ ਵੀ ਮਾਮਲੇ ਵਿੱਚ ਸ਼ਾਮਲ : ਪੁਲਿਸ ਨੇ ਦੱਸਿਆ ਕਿ ਤਫਤੀਸ਼ ਦੌਰਾਨ ਉਹਨਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਕਤ ਮੁਲਜ਼ਮ, ਜਿਸ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਉਹ ਪੰਜਾਬ ਦੇ ਵਿੱਚ ਕਿਸ ਵਿਅਕਤੀ ਦੇ ਨਾਲ ਸਬੰਧਿਤ ਹੈ ਅਤੇ ਪੂਰੀ ਤਫਤੀਸ਼ ਤੋਂ ਬਾਅਦ ਇਹ ਪਤਾ ਲੱਗ ਸਕਿਆ ਕਿ ਅਜੇ ਵਿਕਰਮਜੀਤ ਸਿੰਘ ਜੋ ਫਿਲਿਪੀਂਸ ਵਿਚ ਹੈ ਤੇ ਉਸਦਾ ਚਾਚਾ ਜਸਵੀਰ ਸਿੰਘ ਇਸ ਮਾਮਲੇ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜਿਆ ਹੋਇਆ ਸੀ, ਜੋ ਪੰਜਾਬ ਵਿੱਚ ਹੀ ਰਹਿ ਰਿਹਾ ਹੈ। ਇਹ ਉਸ ਵੇਲੇ ਸਾਫ਼ ਹੋਇਆ ਜਦੋਂ ਪੁਲਿਸ ਨੂੰ ਇਸ ਮਾਮਲੇ ਸਬੰਧੀ ਹੋਰ ਵੀ ਕਈ ਤਰ੍ਹਾਂ ਦੇ ਸਬੂਤ ਮਿਲੇ, ਜਿਸਤੋਂ ਪਤਾ ਲੱਗ ਸਕਿਆ ਕਿ ਜਸਵੀਰ ਸਿੰਘ ਇਸ ਨੈਕਸਸ ਦੇ ਵਿੱਚ ਸ਼ਾਮਿਲ ਹੈ।
ਇਸ ਤਰ੍ਹਾਂ ਰਚੀ ਸੀ ਸਾਜ਼ਿਸ਼ : ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਸੰਤੋਖ ਸਿੰਘ ਖ਼ਾਲਸਾ ਅਤੇ ਜਸਵੀਰ ਸਿੰਘ ਦਾ ਕਈ ਮਹੀਨੇ ਪਹਿਲਾਂ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਰਿਸ਼ਤਾ ਬਣਾ ਕੇ ਜਸਵੀਰ ਸਿੰਘ ਵੱਲੋਂ ਸੰਤੋਖ ਸਿੰਘ ਨੂੰ ਆਪਣੇ ਵਿਦੇਸ਼ ਰਹਿੰਦੇ ਭਤੀਜੇ ਅਜੇ ਵਿਕਰਮਜੀਤ ਸਿੰਘ ਦੇ ਜ਼ਰੀਏ ਧਮਕੀ ਭਰੇ ਫੋਨ ਕਰਵਾਏ ਗਏ ਤੇ ਉਸਦੀ ਰੇਕੀ ਵੀ ਕੀਤੀ ਗਈ। ਜਿਸ ਉਪਰ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਦੇਸ਼ ਰਹਿੰਦੇ ਉਸ ਦੇ ਭਤੀਜੇ ਅਜੇ ਵਿਕਰਮਜੀਤ ਸਿੰਘ ਦੀ ਐਨ ਓ ਸੀ ਜਲਦ ਤੋਂ ਜਲਦ ਜਾਰੀ ਕਰਕੇ ਉਸ ਉਪਰ ਮੁਕੱਦਮਾ ਦਰਜ ਕੀਤਾ ਜਾਵੇਗਾ ਤੇ ਉਸ ਦੀ ਗ੍ਰਿਫਤਾਰੀ ਨੂੰ ਜਲਦ ਹੀ ਯਕੀਨੀ ਬਣਾਇਆ ਜਾਵੇਗਾ।