ਕਪੂਰਥਲਾ: ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੇ ਬਾਥਰੂਮ ਕਮੋਡ 'ਚੋਂ ਨਵਜੰਮੇ ਬੱਚੇ ਦਾ ਭਰੂਣ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮਿਲਦੇ ਹੀ ਡਿਊਟੀ ਡਾਕਟਰ ਦੀ ਸ਼ਿਕਾਇਤ 'ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਆਰਐੱਮਪੀ ਡਾਕਟਰ ਸਮੇਤ 4 ਮੁਲਜ਼ਮਾ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਮੈਡੀਕਲ ਅਫਸਰ ਨੇ ਪੁਲਿਸ ਨੂੰ ਦਿੱਤੀ ਇਤਲਾਹ: ਇਸ ਸਬੰਧੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਤਾਇਨਾਤ ਮੈਡੀਕਲ ਅਫਸਰ ਨੇ ਪੁਲਿਸ ਨੂੰ ਦੱਸਿਆ ਕਿ 14 ਅਗਸਤ ਨੂੰ ਸਵੇਰੇ 2 ਵਜੇ ਹਸਪਤਾਲ 'ਚ ਤਾਇਨਾਤ ਸਵੀਪਰ ਬਲਜੀਤ ਕੌਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਹਸਪਤਾਲ ਦੇ ਪਖਾਨੇ 'ਚ ਨਵਜੰਮੇ ਬੱਚੇ ਦੀ ਲਾਸ਼ ਪਈ ਹੈ। ਇਸ ਨੂੰ ਕਬਜ਼ੇ 'ਚ ਲੈ ਕੇ ਲੇਬਰ ਰੂਮ 'ਚ ਰੱਖਣ ਤੋਂ ਬਾਅਦ ਸੀ.ਐੱਮ.ਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹਸਪਤਾਲ ਦੇ ਕੈਮਰਿਆਂ ਦੀ ਜਾਂਚ: ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਲਈ ਮਸਲਾ ਚੁਣੌਤੀ ਭਰਿਆ ਸੀ ਪਰ ਪੁਲਿਸ ਨੇ ਮੌਕੇ 'ਤੇ ਜਾ ਕੇ ਡਾਕਟਰਾਂ ਤੋਂ ਪੁੱਛ ਪੜਤਾਲ ਕੀਤੀ ਅਤੇ ਹਸਪਤਾਲ ਦੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੇਰ ਰਾਤ ਇੱਕ ਲੜਕੀ ਤੇ ਮਹਿਲਾ ਦੇ ਨਾਲ ਦੋ ਵਿਅਕਤੀ ਸਿਵਲ ਹਸਪਤਾਲ ਆਏ, ਜਿੰਨਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪਰਿਵਾਰ ਨਲ ਹੀ ਕਿਸੇ ਪਿੰਡ ਦਾ ਹੈ।
ਦੇਰ ਰਾਤ ਪਰਿਵਾਰ ਆਇਆ ਸੀ ਹਸਪਤਾਲ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਪਿੰਡ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਲੜਕੀ ਆਪਣੇ ਮਾਤਾ ਪਿਤਾ ਤੇ ਪਿੰਡ ਦੇ ਹੀ ਕਿਸੇ ਆਰਐਮਪੀ ਡਾਕਟਰ ਨਾਲ ਹਸਪਤਾਲ ਗਈ ਸੀ। ਪੁਲਿਸ ਨੇ ਦੱਸਿਆ ਕਿ ਪਰਿਵਾਰ ਨੇ ਡਾਕਟਰਾਂ ਨੂੰ ਲੜਕੀ ਦੇ ਦਰਦ ਦੀ ਸਮੱਸਿਆ ਦੱਸੀ ਤਾਂ ਡਾਕਟਰ ਮੁੱਢਲੀ ਸਿਹਤ ਸਹੂਲਤ ਲਈ ਟੀਕਾ ਲਗਾਉੇਣ ਲੱਗੇ ਤਾਂ ਇੰਨ੍ਹਾਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਲੜਕੀ ਬਾਥਰੂਮ ਗਈ ਤਾਂ ਉਥੇ ਬੱਚਾ ਪੈਦਾ ਹੋ ਗਿਆ ਤਾਂ ਪਰਿਵਾਰ ਨੇ ਲਾਪਰਵਾਹੀ ਵਰਤੀ ਤੇ ਭਰੂਣ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਨੇ ਮੁਲਜ਼ਮ ਕੀਤੇ ਕਾਬੂ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਹਾਲੇ ਵਿਆਹ ਨਹੀਂ ਹੋਇਆ ਸੀ, ਜਿਸ ਦੇ ਚੱਲਦੇ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਤੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜੇ ਮਾਮਲੇ 'ਚ ਕਿਸੇ ਹੋਰ ਦਾ ਨਾਮ ਆਉਂਦਾ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਇਹ ਸਾਰਾ ਕੇਸ ਹੱਲ ਕਰ ਲਿਆ ਹੈ।