ਸੁਲਤਾਨਪੁਰ ਲੋਧੀ: ਸ਼ਹਿਰ ਵਿੱਚ ਪਿਛਲੇ 4 ਦਿਨਾਂ ਤੋਂ ਕੁਦਰਤੀ ਖੇਤੀ, ਕੁਦਰਤੀ ਸਿਹਤ ਕਾਰਜਸ਼ਾਲਾ ਨਾਂਅ ਦੀ ਵਰਕਸ਼ਾਪ ਚੱਲ ਰਹੀ ਹੈ। ਇਸ ਵਿੱਚ ਕੁਦਰਤੀ ਖੇਤੀ ਤੇ ਭੋਜਨ ਨੂੰ ਤਰਜ਼ੀਹ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਸਮਾਗਮ ਵਿੱਚ ਕੁੱਝ ਵਿਸ਼ੇਸ਼ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਕੁਦਰਤੀ ਜੀਵਨ ਨੂੰ ਅਪਣਾਇਆ ਹੈ ਤੇ ਖੁਸ਼ਹਾਲ ਜੀਵਣ ਬਤੀਤ ਕਰ ਰਹੇ ਹਨ।
ਇੱਕ ਮਹੀਨੇ ਵਿੱਚ ਤਕਰੀਬਨ 8 ਲੱਖ ਕਮਾਉਣ ਵਾਲੇ ਇੰਜੀਨਿਅਰ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਕੰਮ ਹਵਾਈ ਅੱਡੇ ਦਾ ਡਿਜ਼ਾਇਨ ਕਰਨ ਦਾ ਸੀ, ਪਰ ਉਹ ਦਿੱਲੀ ਵਿੱਚ ਰਹਿੰਦੇ ਹੋਏ ਟਿਉਮਰ ਪੀੜਤ ਹੋ ਗਿਆ ਜਿਸ ਦਾ ਇਲਾਜ ਕਰਵਾਉਣ ਲਈ ਵਿਦੇਸ਼ ਗਿਆ ਸੀ, ਪਰ ਜ਼ਿਆਦਾ ਸਫਲਤਾ ਨਹੀਂ ਮਿਲੀ। ਫਿਰ ਵਾਪਸ ਦੇਸ਼ ਆ ਗਿਆ ਤੇ ਸਾਰੀ ਸਥਿਤੀ ਦੀ ਸਮੀਖਿਆ ਕੀਤੀ। ਉਸ ਤੋਂ ਬਾਅਦ ਉਸ ਦਾ ਪੁੱਤਰ ਵੀ ਛੋਟੀ ਉਮਰ ਤੋਂ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਹੋ ਗਿਆ। ਫਿਰ ਉਸ ਨੇ ਫੈਸਲਾ ਕੀਤਾ ਕਿ ਉਹ ਕੁਦਰਤ ਨਾਲ ਜੁੜੇਗਾ ਅਤੇ ਕੁਦਰਤ ਤੋਂ ਮਿਲਿਆਂ ਭੋਜਨ ਹੀ ਖਾਵੇਗਾ।
ਉਹ ਆਪਣੇ ਨਾਨਕੇ ਹਿਮਾਚਲ ਆ ਗਿਆ ਤੇ ਉੱਥੇ ਕੱਚੀ ਮਿੱਟੀ ਦੇ ਘਰ ਵਿੱਚ ਰਹਿਣ ਲੱਗਾ ਅਤੇ ਭੋਜਨ ਵਿੱਚ ਸੁਧਾਰ ਕਰਦਿਆਂ ਕੁਦਰਤੀ ਭੋਜਨ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਦੀ ਤੇ ਪੁੱਤਰ ਦੀ ਸਿਹਤ ਵੀ ਚੰਗੀ ਹੈ। ਪ੍ਰਭਜੋਤ ਹੁਣ ਲੋਕਾਂ ਨੂੰ ਕੁਦਰਤ ਨਾਲ ਸਬੰਧਤ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਅਤੇ ਕੁਦਰਤੀ ਭੋਜਨ ਖਾਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਦੂਜਾ ਵਿਅਕਤੀ ਉਹ ਹੈ ਜੋ ਸਾਰਿਆਂ ਨੂੰ ਸਿੱਖਿਆ ਦਾ ਦਾਨ ਦਿੰਦਾ ਹੈ, ਯਾਨੀ ਕਿ ਦਿੱਲੀ ਦੇ ਪ੍ਰੋਫੈਸਰ ਵਾਸੂਦੇਵ। ਇਨ੍ਹਾਂ ਨੇ ਦਿੱਲੀ ਦੇ ਰਸਾਇਣਕ ਹਾਲਤਾਂ ਨੂੰ ਵੇਖਿਆ 'ਤੇ ਚਿੰਤਤ ਹੋ ਗਏ ਅਤੇ ਸਰਕਾਰੀ ਨੌਕਰੀ ਛੱਡ ਦਿੱਤੀ। ਫਿਰ ਲੋਕਾਂ ਨੂੰ ਕੁਦਰਤੀ ਅਤੇ ਆਪਣੇ ਆਪ ਨੂੰ ਕੁਦਰਤੀ ਖੇਤੀ ਨਾਲ ਜੋੜਨ ਦੀ ਪਹਿਲ ਕੀਤੀ। ਸਬੰਧਤ ਚੀਜ਼ਾਂ ਦੀ ਮਾਰਕੀਟਿੰਗ ਸ਼ੁਰੂ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜ ਰਹੇ ਹਨ ਅਤੇ ਖੁਦ ਵੀ ਹੁਣ ਮਨੁੱਖੀ ਜੀਵਨ ਦਾ ਅਨੰਦ ਲੈ ਰਹੇ ਹਨ।
ਇਸ ਤੋਂ ਇਲਾਵਾ, ਸੁਲਤਾਨਪੁਰ ਵਿੱਚ ਚੱਲ ਰਹੀ ਵਰਕਸ਼ਾਪ ਵਿੱਚ ਕਈ ਲੋਕ ਅਜਿਹੇ ਮਿਲੇ, ਜੋ ਅੱਜ ਦੀ ਚਮਕ ਦਮਕ ਛੱਡ ਕੁਦਰਤੀ ਢੰਗ ਨਾਲ ਜ਼ਿੰਦਗੀ ਜੀਣ ਨੂੰ ਪਹਿਲ ਦੇ ਰਹੇ ਹਨ ਤੇ ਹੁਣ ਹੋਰ ਲੋਕਾਂ ਨੂੰ ਰਸਾਇਣਿਕ ਦਵਾਈਆਂ ਨਾਲ ਪੈਦਾ ਹੋਇਆ ਅਨਾਜ, ਜੰਕ ਤੇ ਫ਼ਾਸਟ ਫੂਡ ਛੱਡ ਭੋਜਨ ਕੁਦਰਤੀ ਖੇਤੀ ਅਤੇ ਕੁਦਰਤੀ ਭੋਜਨ ਅਤੇ ਕੁਦਰਤੀ ਜੀਵਨ ਜਿਉਣ ਲਈ ਪ੍ਰੇਰਿਤ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ: ਪਾਕਿਸਤਾਨ ਤੋਂ ਭਾਰਤ ਪਹੁੰਚੇ 43 ਲੋਕ, 29 ਖਿਡਾਰੀ ਸ਼ਾਮਲ