ਕਪੂਰਥਲਾ: ਪੰਜਾਬ ਵਿੱਚ ਕਰਫਿਊ ਲੱਗਿਆ ਹੋਣ ਕਾਰਨ ਸਬਜ਼ੀ ਮੰਡੀਆਂ ਨੂੰ ਕੁੱਝ ਸਮੇਂ ਲਈ ਹੀ ਖੋਲਿਆਂ ਜਾ ਰਿਹਾ ਹੈ ਪਰ ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਜਮ੍ਹਾਂ ਹੋ ਜਾਂਦਾ ਹੈ। ਕਪੂਰਥਲਾ 'ਚ ਵੀ ਕੁੱਝ ਅਜਿਹਾ ਹੀ ਵੇਖਣ ਨੂੰ ਮਿਲਿਆ। ਇਥੇ ਸ਼ਰੇਆਮ ਕਰਫਿਊ ਦੀ ਉਲੰਘਣਾ ਕੀਤੀ ਗਈ। ਹਾਲਾਂਕਿ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੀਂਹ ਕਾਰਨ ਲੋਕਾਂ ਦਾ ਭੀੜ ਇਕੱਠੀ ਹੋ ਰਹੀ ਹੈ। ਵੈਸੇ ਲੋਕਾਂ 'ਚ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਤਸਵੀਰਾਂ ਕੁੱਝ ਹੋਰ ਹੀ ਬਿਆਨ ਕਰਦੀਆਂ ਹਨ।
ਇਸ ਤੋਂ ਇਲਾਵਾ ਕਰਫਿਊ ਕਾਰਨ ਸਬਜ਼ੀਆਂ ਦੇ ਰੇਟ ਵੀ ਆਸਮਾਨ ਨੂੰ ਛੂਹਣ ਲੱਗ ਪਏ ਹਨ। ਟਮਾਟਰ ਦੀ ਕੀਮਤ ਲਗਭਗ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਟਰ ਤੇ ਮਿਰਚਾਂ ਦੇ ਭਾਅ ਵੀ 100 ਤੋਂ ਟੱਪ ਗਏ ਹਨ। ਹਾਲਾਂਕਿ ਸਬਜ਼ੀ ਵਿਕਰੇਤਾ ਦਾ ਕਹਿਣਾ ਹੈ ਕਿ ਮੰਡੀ 'ਚੋਂ ਹੀ ਉਨ੍ਹਾਂ ਨੂੰ ਸਬਜ਼ੀਆਂ ਮਹਿੰਗੇ ਰੇਟ 'ਤੇ ਮਿਲ ਰਹੀਆਂ ਹਨ, ਜਦ ਉਹ ਵੇਚਣ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਹੀ ਕੋਸਣ ਲੱਗਦੇ ਹਨ ਕਿ ਕਰਫਿਊ ਕਾਰਨ ਜਾਣਬੁੱਝ ਕੇ ਮਨ-ਮਰਜ਼ੀ ਦੇ ਰੇਟ ਲਗਾਏ ਜਾ ਰਹੇ ਹਨ।