ਜਲੰਧਰ: ਸ਼ਹਿਰ ਦੇ ਜੇਪੀ ਨਗਰ ਵਿੱਚ ਬੀਤੀ ਸ਼ਾਮ ਇੱਕ ਨੌਜਵਾਨ ਵੱਲੋਂ ਕਾਰ ਵਿੱਚ ਮਾਵਾਂ-ਧੀਆਂ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪੀੜਤਾ ਦੀ ਮਾਂ ਨੇ ਕਿਹਾ ਕਿ ਉਹ ਬੀਤੀ ਸ਼ਾਮ ਕਰੀਬ 7:30 ਵਜੇ ਆਪਣੀ ਧੀ ਨਾਲ ਸੈਰ ਕਰ ਰਹੀ ਸੀ ਜਿਸ ਵੇਲੇ ਇੱਕ ਨੌਜਵਾਨ ਕਾਰ ਵਿੱਚ ਆਇਆ ਤੇ ਉਨ੍ਹਾਂ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਲੱਗਾ। ਜਦੋਂ ਉਹ ਕਾਰ ਵਿੱਚ ਬਿਠਾਉਣ ਲਈ ਜ਼ਬਰਦਸਤੀ ਕਰਨ ਲੱਗਿਆ ਤਾਂ ਉਸ ਵੇਲੇ ਦੋਵਾਂ ਮਾਵਾਂ-ਧੀਆਂ ਦੇ ਕੱਪੜੇ ਫੱਟ ਗਏ। ਉਨ੍ਹਾਂ ਕਿਹਾ ਕਿ ਜਿਸ ਨੌਜਵਾਨ ਨੇ ਉਨ੍ਹਾਂ ਨੂੰ ਕਾਰ ਵਿੱਚ ਖਿੱਚਿਆ, ਉਸ ਦਾ ਨਾਂਅ ਪਲਵਿੰਦਰ ਸਿੰਘ ਹੈ ਤੇ ਉਹ ਹਰਬੰਸ ਨਗਰ ਦਾ ਰਹਿਣ ਵਾਲਾ ਹੈ।
ਪਲਵਿੰਦਰ ਉਨ੍ਹਾਂ ਨੂੰ ਕਾਰ ਵਿੱਚ ਜੇਪੀ ਨਗਰ ਲੈ ਗਿਆ। ਉੱਥੇ ਪਹੁੰਚੇ ਕੇ ਉਹ ਉਨ੍ਹਾਂ ਦੀ ਧੀ ਨੂੰ ਕੁੱਟਮਾਰ ਕਰਨ ਲੱਗਿਆ ਜਿਸ ਕਰਕੇ ਉਸ ਦੇ ਕੱਪੜੇ ਵੀ ਫੱਟ ਗਏ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਆਪਣੇ ਪੁੱਤਰ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਨੌਜਵਾਨ ਨੇ ਉਨ੍ਹਾਂ ਨੂੰ ਕੁੱਟਿਆ ਹੈ ਉਹ ਉਨ੍ਹਾਂ ਦਾ ਜਾਣਕਾਰ ਸੀ। ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ 3 ਸਾਲ ਪਹਿਲਾਂ ਪਲਵਿੰਦਰ ਸਿੰਘ ਨਾਲ ਉਨ੍ਹਾਂ ਦੀ ਧੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਤੇ 2 ਸਾਲ ਪਹਿਲਾਂ ਹੀ ਉਨ੍ਹਾਂ ਨੇ ਪਲਵਿੰਦਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਰਿਸ਼ਤਾ ਤੋੜ ਦਿੱਤਾ ਸੀ। ਇਸ ਤੋਂ ਬਾਅਦ ਉਸ ਨੌਜਵਾਨ ਨੇ ਉਨ੍ਹਾਂ ਦੀ ਧੀ ਨੂੰ ਬਲੈਕ ਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਉਹ ਬਹੁਤ ਪਰੇਸ਼ਾਨ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਸਿਵਲ ਸਰਜਨ ਹਨ ਤੇ ਉਹ ਨਰਸ ਹੈ। ਇਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉੱਥੇ ਹੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।