ਜਲੰਧਰ: ਸ਼ਨੀਵਾਰ ਨੂੰ ਪੰਜਾਬ ਵਿੱਚ ਇੱਕ ਵੱਡਾ ਰਾਜਨੀਤਕ ਘਟਨਾਕ੍ਰਮ ਵਾਪਰਿਆ। ਯੂਨਾਈਟਿਡ ਅਕਾਲੀ ਦਲ ਨੇ ਸ਼ਨੀਵਾਰ ਨੂੰ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤਾ ਹੈ। ਗੁਰਦੁਆਰਾ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਗੱਠਜੋੜ ਦਾ ਐਲਾਨ ਕੀਤਾ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਛੱਡਣ ਵਿੱਚ ਦੇਰ ਜ਼ਰੂਰ ਹੋਈ ਹੈ, ਪਰ ਉਹ ਬਿਨ੍ਹਾਂ ਕਿਸੇ ਦਾਗ ਤੋਂ ਬਾਹਰ ਆਏ ਹਨ ਅਤੇ ਹੁਣ ਉਹ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਯੂਨਾਈਟਿਡ ਨਾਲ ਗੱਠਜੋੜ ਤੋਂ ਬਾਅਦ ਪਾਰਟੀ ਹੋਰ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ: ਪ੍ਰਣਬ ਮੁਖਰਜੀ, ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਨਰਸਿਮ੍ਹਾ ਰਾਓ ਦੇ ਯੋਗਦਾਨ ਨੂੰ ਕੀਤਾ ਯਾਦ
ਗੱਠਜੋੜ ਬਾਰੇ ਜਾਣਕਾਰੀ ਦਿੰਦੇ ਹੋਏ ਢੀਂਡਸਾ ਨੇ ਦੱਸਿਆ ਕਿ ਅਕਾਲੀ ਦਲ ਯੂਨਾਈਟਿਡ ਦੇ ਸਾਰੇ ਵਰਕਰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਹੋਰ ਮੁੱਦਿਆਂ 'ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇ ਮਾਮਲੇ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਕਈ ਪਹਿਲਾਂ ਨੌਕਰੀ ਕਰਨ ਵਾਲੇ ਲੋਕ ਬੇਰੁਜ਼ਗਾਰ ਹੋ ਗਏ ਹਨ।