ਜਲੰਧਰ: ਜਿੱਥੇ ਅੱਜ ਕੋਰੋਨਾ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆ ਪੰਜਾਬ ਵਿੱਚ ਬਾਹਰੋਂ ਆ ਕੇ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਆਪਣੇ ਪਰਿਵਾਰ ਸਮੇਤ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਉਨ੍ਹਾਂ ਉਦਯੋਗਾਂ ਦੇ ਮਾਲਕਾਂ ਦੇ ਦਿਲ ਦੀ ਧੜਕਣ ਵੀ ਤੇਜ਼ ਹੋ ਰਹੀ ਹੈ, ਜਿੰਨ੍ਹਾਂ ਦੀਆਂ ਫੈਕਟਰੀਆਂ ਵਿੱਚ ਇਹ ਮਜ਼ਦੂਰ ਕੰਮ ਕਰਦੇ ਸੀ।
ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਹ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸੀ ਅਤੇ ਇਨ੍ਹਾਂ ਲੋਕਾਂ ਕਰਕੇ ਹੀ ਪੰਜਾਬ ਦੀਆਂ ਫੈਕਟਰੀਆਂ ਦੇ ਘੁੱਗੂ ਵੱਜਦੇ ਸੀ। ਹੁਣ ਕੋਰੋਨਾ ਕਰਕੇ ਹੋਏ ਲੌਕਡਾਊਨ ਤੋਂ ਬਾਅਦ ਇਹ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਵਾਪਸ ਪਰਤ ਰਹੇ ਹਨ।
ਇੱਕ ਪਾਸੇ ਹੁਣ ਜਿੱਥੇ ਇਨ੍ਹਾਂ ਲੋਕਾਂ ਵਿੱਚੋਂ ਹਜਾਰਾਂ ਲੋਕਾਂ ਦੇ ਵਾਪਸ ਆਉਣ ਦਾ ਕੋਈ ਇਰਾਦਾ ਨਹੀਂ। ਉੱਥੇ ਹੀ ਹੁਣ ਪੰਜਾਬ ਦੇ ਉਦਯੋਗਪਤੀ ਇਸ ਚਿੰਤਾ ਵਿੱਚ ਹਨ ਕੀ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਆਪਣੀਆਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਲੇਬਰ ਹੁਣ ਕਿੱਥੋਂ ਮਿਲੇਗੀ।
ਜਲੰਧਰ ਦੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਦਾ ਕਹਿਣਾ ਹੈ ਕਿ ਇਹੀ ਫ਼ੈਕਟਰੀਆਂ ਦੇ ਮਜ਼ਦੂਰ ਉਨ੍ਹਾਂ ਦੀਆਂ ਫੈਕਟਰੀਆਂ ਦੀ ਰੀੜ ਦੀ ਹੱਡੀ ਹਨ, ਕਿਉਂਕਿ ਉਨ੍ਹਾਂ ਨੇ ਦਸ-ਦਸ ਪੰਦਰਾਂ ਪੰਦਰਾਂ ਸਾਲ ਲਗਾ ਕੇ ਇਨ੍ਹਾਂ ਲੋਕਾਂ ਨੂੰ ਫੈਕਟਰੀ ਦੇ ਕੰਮ ਵਿੱਚ ਪੂਰੀ ਤਰ੍ਹਾਂ ਨਿਪੁੰਨ ਕੀਤਾ ਸੀ ਪਰ ਅੱਜ ਜਦੋਂ ਇਹ ਮਜ਼ਦੂਰ ਹੁਣ ਆਪਣੇ-ਆਪਣੇ ਪ੍ਰਦੇਸ਼ ਆਪਣੇ ਘਰਾਂ ਨੂੰ ਪਰਤ ਗਏ ਹਨ ਤਾਂ ਆਉਣ ਵਾਲੇ ਸਮੇਂ ਫੈਕਟਰੀਆਂ ਵਿੱਚ ਬਣਨ ਵਾਲੇ ਸਾਮਾਨ ਦੀ ਕੁਆਲਿਟੀ ਉੱਤੇ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਲੋਕ ਵਾਪਸ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਅਗਲੇ ਲੋਕਾਂ ਨੂੰ ਇਨ੍ਹਾਂ ਕੰਮਾਂ ਲਈ ਨਿਪੁੰਨ ਕਰਨ 'ਚ ਕਈ ਸਾਲ ਲੱਗ ਜਾਣਗੇ, ਜਿਸ ਨਾਲ ਉਦਯੋਗਾਂ ਨੂੰ ਭਾਰੀ ਘਾਟਾ ਹੋਵੇਗਾ। ਉਨ੍ਹਾਂ ਸਰਕਾਰਾਂ ਨੂੰ ਗੁਹਾਰ ਲਗਾਈ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਇੱਥੇ ਹੀ ਰੱਖ ਕੇ ਇਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਸੀ ਤਾਂ ਕਿ ਮੁਸੀਬਤ ਵੇਲੇ ਇਨ੍ਹਾਂ ਨੂੰ ਕੰਮ ਛੱਡ ਕੇ ਨਾ ਜਾਣਾ ਪੈਂਦਾ।
ਇਹ ਵੀ ਪੜੋ: ਕੋਵਿਡ-19: ਸ਼ਰਧਾਲੂਆਂ ਤੋਂ ਸੱਖਣੇ ਹੋਏ ਰੱਬ ਦੇ ਵਿਹੜੇ
ਉਨ੍ਹਾਂ ਕਿਹਾ ਕਿ ਪਿਛਲੇ 40 ਦਿਨਾਂ ਵਿੱਚ ਉਦਯੋਗ ਕਰੀਬ ਇੱਕ ਸਾਲ ਪਿੱਛੇ ਚਲੇ ਗਏ ਹਨ ਅਤੇ ਆਉਣ ਵਾਲੇ ਸਮੇਂ 'ਚ ਹਾਲੇ ਲੌਕਡਾਊਨ ਹੋਰ ਚੱਲਦਾ ਹੈ ਤਾਂ ਇਨ੍ਹਾਂ ਉਦਯੋਗਾਂ ਨੂੰ ਦੁਬਾਰਾ ਖੜਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਏਗਾ।