ਜਲੰਧਰ: ਸ਼ਹਿਰ ਵਿੱਚ ਦੋ ਦਿਨ ਪਹਿਲੇ ਹੋਏ ਐਸਐਚਓ ਤੇ ਹਮਲੇ ਤੋਂ ਨਾਮਜ਼ਦ ਕੀਤੇ ਗਏ ਲੋਕਾਂ ਦੇ ਘਰ ਵਿੱਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਘਰ ਦੀ ਚਾਬੀ ਕਬਜ਼ੇ ਵਿੱਚ ਲੈ ਰੱਖੀ ਸੀ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਹੋਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਇਸ ਘਰ ਵਿੱਚ ਆਉਣਾ ਪੈਂਦਾ ਸੀ।
ਕਾਂਗਰਸ ਕੌਂਸਲਰ ਮੇਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਇਸ ਘਰ ਵਿੱਚ ਦੋ ਲੋਕ ਵੜੇ ਹਨ, ਜਿਸ ਦੇ ਲਈ ਉਨ੍ਹਾਂ ਨੇ ਸੰਬੰਧਤ ਥਾਣੇ ਵਿੱਚ ਫੋਨ ਕੀਤਾ ਤਾਂ ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਪੁਲਿਸ ਮੁਲਾਜ਼ਮ ਮੌਕੇ 'ਤੇ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਇਸ ਘਰ ਦੇ ਲੋਕਾਂ ਵੱਲੋਂ ਐਸਐਚਓ 'ਤੇ ਹਮਲੇ ਵਿੱਚ ਕੇਸ ਦਰਜ ਹੈ ਅਤੇ ਘਰ ਦੀ ਚਾਬੀ ਵੀ ਪੁਲਿਸ ਕੋਲ ਸੀ ਅਤੇ ਘਰ ਦੀਆਂ ਦੋ ਔਰਤਾਂ ਨੂੰ ਵੀ ਵੱਖ ਵੱਖ ਕਮਰਿਆਂ 'ਚ ਨਜ਼ਰਬੰਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੁਲਿਸ ਦੀ ਅਜਿਹੀ ਕਾਰਵਾਈ ਕਰਕੇ ਚੋਰ ਘਰ ਦੀ ਕੰਧ ਟੱਪ ਕੇ ਤਾਲੇ ਤੋੜ ਕੇ ਚੋਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਪੁਲਿਸ ਦੀ ਨਾਲਾਇਕੀ ਹੈ ਅਤੇ ਪੁਲਿਸ ਦਾ ਰਵੱਈਆ ਬਹੁਤ ਹੀ ਗਲਤ ਹੈ।
ਉਧਰ, ਮੌਕੇ 'ਤੇ ਪੁੱਜੀ ਮਹਿਲਾ ਸਬ ਇੰਸਪੈਕਟਰ ਨੇ ਕਿਹਾ ਕਿ ਦੋ ਲੋਕ ਕੈਮਰੇ ਵਿੱਚ ਵੜਦੇ ਹੋਏ ਸੀਸੀਟੀਵੀ ਵਿੱਚ ਦਿਖੇ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਐਸਐਚਓ ਦੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਉਕਤ ਘਰ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਇਸ ਘਰ ਵਿੱਚ ਆ ਰਹੀ ਹੈ ਅਤੇ ਪੁਲਿਸ ਕੋਲ ਚਾਬੀ ਹੋਣ ਨੂੰ ਉਨ੍ਹਾਂ ਨੇ ਨਕਾਰ ਦਿੱਤਾ ਅਤੇ ਕਿਹਾ ਕਿ ਬਾਕੀ ਸਭ ਜਾਂਚ ਦੇ ਬਾਅਦ ਹੀ ਕਲੀਅਰ ਹੋਵੇਗਾ।