ਜਲੰਧਰ: ਜ਼ਿਲ੍ਹੇ ਦੇ ਥਾਣਾ ਨੰਬਰ ਚਾਰ ਵਿਖੇ ਅਚਾਨਕ ਵਿਆਹ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਥੋੜ੍ਹੀ ਹੀ ਦੇਰ ਵਿੱਚ ਲੜਕੀ ਨੂੰ ਸਜਾ ਕੇ ਉਸ ਦਾ ਵਿਆਹ ਇਕ ਲੜਕੇ ਨਾਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਥਾਣੇ ਤੋਂ ਹੀ ਉਸ ਦੀ ਡੋਲੀ ਉੱਠੀ। ਲੜਕੀ ਦੀ ਇਸ ਮਾਮਲੇ ਵਿਚ ਜਿਸ ਐੱਨਜੀਓ ਨੇ ਮਦਦ ਕੀਤੀ ਸੀ ਉਸ ਸੰਸਥਾ ਦੇ ਮੁਖੀ ਵੱਲੋਂ ਹੀ ਉਸਨੂੰ ਚੂੜਾ ਪਹਿਨਾਇਆ ਗਿਆ ਹੈ। ਉਸ ਤੋਂ ਬਾਅਦ ਉਸਦਾ ਪੂਰਾ ਸ਼ਿੰਗਾਰ ਕਰ ਉਸ ਨੂੰ ਵਿਆਹ ਲਈ ਤਿਆਰ ਕੀਤਾ ਗਿਆ ਅਤੇ ਪੰਡਤ ਵੱਲੋਂ ਵਿਆਹ ਦੀ ਰਸਮ ਅਦਾ ਕੀਤੀ ਗਈ ਜਿਸ ਤੋਂ ਬਾਅਦ ਥਾਣੇ ਤੋਂ ਹੀ ਲੜਕੀ ਆਪਣੇ ਸਹੁਰਾ ਪਰਿਵਾਰ ਲਈ ਵਿਦਾ ਹੋ ਗਈ।
ਇਸ ਮੌਕੇ ਵਿਆਹ ਵਾਲੀ ਲੜਕੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਪਹਿਲੇ ਇੱਕ ਵਾਰ ਤਲਾਕ ਹੋ ਚੁੱਕਿਆ ਹੈ। ਤਲਾਕ ਤੋਂ ਬਾਅਦ ਜਲੰਧਰ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਉਸ ਨੂੰ ਪਿਆਰ ਹੋ ਗਿਆ ਅਤੇ ਤਿੰਨ ਸਾਲ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ। ਇਸ ਦੌਰਾਨ ਪਹਿਲਾਂ ਤਾਂ ਲੜਕਾ ਵਿਆਹ ਲਈ ਮੰਨਦਾ ਸੀ ਪਰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਵਿਆਹ ਤੋਂ ਮੁਕਰਨ ਲਗ ਗਿਆ ਜਿਸ ਤੋਂ ਬਾਅਦ ਲੜਕੀ ਨੂੰ ਇਸਦੀ ਸ਼ਿਕਾਇਤ ਪੁਲਿਸ ਕੋਲ ਕਰਨੀ ਪਈ।
ਓਧਰ ਇਸ ਪੂਰੇ ਮਾਮਲੇ ਵਿੱਚ ਜਲੰਧਰ ਦੀ ਇਕ ਐੱਨਜੀਓ ਦੇ ਪ੍ਰਧਾਨ ਨਰਿੰਦਰ ਥਾਪਰ ਨੇ ਕਿਹਾ ਕਿ ਇਸ ਲੜਕੀ ਨੇ ਉਨ੍ਹਾਂ ਕੋਲ ਆ ਕੇ ਆਪਣੀ ਸਾਰੀ ਆਪਬੀਤੀ ਦੱਸੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਐੱਨਜੀਓ ਵੱਲੋਂ ਲੜਕੀ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸੇ ਦੇ ਚੱਲਦੇ ਅੱਜ ਇਸਦਾ ਜਲੰਧਰ ਦੇ ਥਾਣਾ ਨੰਬਰ ਚਾਰ ਵਿਚ ਰਾਜ਼ੀਨਾਮਾ ਸੀ । ਰਾਜ਼ੀਨਾਮੇ ਦੌਰਾਨ ਲੜਕੇ ਵਾਲੇ ਲੜਕੀ ਨੂੰ ਲਿਜਾਣ ਲਈ ਤਿਆਰ ਹੋ ਗਏ ਲੇਕਿਨ ਐੱਨਜੀਓ ਵੱਲੋਂ ਇਹ ਕਿਹਾ ਗਿਆ ਕਿ ਜੇ ਲੜਕੀ ਨੂੰ ਲੈ ਕੇ ਜਾਣਾ ਹੈ ਤਾਂ ਲੜਕਾ ਉਸ ਨੂੰ ਵਿਆਹ ਕਰਾ ਕੇ ਲੈ ਕੇ ਜਾਵੇ ਜਿਸ ਤੋਂ ਬਾਅਦ ਥਾਣੇ ਵਿੱਚ ਹੀ ਇਸ ਵਿਆਹ ਦੀ ਰਸਮ ਨੂੰ ਅਦਾ ਕੀਤਾ ਗਿਆ।
ਇਹ ਵੀ ਪੜ੍ਹੋ: ਉਜਾੜੇ ਗਏ ਘਰਾਂ ਦੇ ਮਾਲਕ ਨੇ ਘੇਰਿਆ DC ਦਫ਼ਤਰ , ਕਿਸਾਨਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਵੱਡੀ ਚਿਤਾਵਨੀ