ਜਲੰਧਰ: ਅੰਧਵਿਸ਼ਵਾਸ ਵਿਅਕਤੀ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਇਸ ਦੀ ਤਾਜ਼ਾ ਉਦਾਹਰਨ ਮੰਗਲਵਾਰ ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ 'ਚ ਵੇਖਣ ਨੂੰ ਮਿਲੀ। ਜਿੱਥੇ ਪੁਲਿਸ ਥਾਣੇ ਬਸਤੀ ਬਾਵਾ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਖ਼ਬਰ ਹੈ ਕਿ ਜਲੰਧਰ ਦੀ ਇੱਕ ਮਹਿਲਾ ਟੀਚਰ ਨੇ 13 ਸਾਲਾ ਵਿਦਿਆਰਥੀ ਨਾਲ ਵਿਆਹ ਕਰਵਾ ਲਿਆ ਹੈ।
ਇਸ ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਸਕੂਲ ਅਧਿਆਪਕਾ ਦੇ ਵਿਆਹ 'ਚ ਦੇਰੀ ਹੋ ਰਹੀ ਸੀ। ਇਸ ਲਈ ਉਸ ਨੇ ਅਜਿਹਾ ਅੰਧਵਿਸ਼ਵਾਸ ਵਾਲਾ ਕਾਰਾ ਕੀਤਾ। ਅਧਿਆਪਕਾ ਦਾ ਕਹਿਣਾ ਹੈ ਕਿ ਕਿਸੇ ਪੰਡਤ ਨੇ ਉਸ ਨੂੰ ਇਹ ਕਰਨ ਲਈ ਕਿਹਾ ਸੀ। ਇਸ ਨਾਲ ਉਸ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਇਹ ਵੀ ਖੁਲਾਸਾ ਹੋਇਆ ਹੈ ਕਿ ਅਧਿਆਪਕਾ ਮੰਗਲੀਕ ਸੀ। ਇਸ ਕਰਕੇ ਪੰਡਤ ਨੇ ਉਸ ਨੂੰ ਇਹ ਸੁਝਾਅ ਦਿੱਤਾ ਸੀ।
ਅੰਧਵਿਸ਼ਵਾਸ ਦੀ ਇਹ ਹੱਦ ਇੱਥੇ ਹੀ ਨਹੀਂ ਮੁੱਕਦੀ। ਇਸ ਤੋਂ ਮਗਰੋਂ ਔਰਤ ਨੇ ਇੱਕ ਵਿਧਵਾ ਹੋਣ ਦੀਆਂ ਵੀ ਸਾਰੀਆਂ ਰਸਮਾਂ ਅਦਾ ਕੀਤੀਆਂ। ਉਸ ਨੇ ਪਤੀ ਦੀ ਮੌਤ ਦਾ ਸੋਗ ਮਨਾਇਆ ਜਿਸ ਵਿੱਚ ਲਾੜੀ ਨੇ ਆਪਣੇ ਗਹਿਣੇ ਤੇ ਚੂੜੀਆਂ ਤੋੜੀਆਂ। ਇਸ ਸਭ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੱਚਾ ਘਰ ਗਿਆ ਤੇ ਸਾਰੀ ਗੱਲ ਉਸ ਨੇ ਆਪਣੇ ਮਾਪਿਆਂ ਨੂੰ ਦੱਸੀ।
ਇਹ ਸਭ ਸੁਣ ਕੇ ਬੱਚੇ ਦੇ ਪਰਿਵਾਰਕ ਮੈਂਬਰ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਪੁਲਿਸ ਵਿੱਚ ਅਧਿਆਪਕਾ ਖਿਲਾਫ ਸ਼ਿਕਾਇਤ ਦਰਜ ਕਰਵਾਈ। ਬੱਚੇ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਬੇਟਾ ਔਰਤ ਦੇ ਘਰ ਟਿਊਸ਼ਨ ਪੜ੍ਹਦਾ ਸੀ।