ਜਲੰਧਰ: ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਹੁਣ ਤੱਕ ਜਲੰਧਰ ਵਿੱਚ 30,562 ਕੋਰੋਨਾ ਦੇ ਮਰੀਜ਼ ਪਾਏ ਗਏ ਹਨ ਜਿਨ੍ਹਾਂ ਵਿਚੋਂ ਹੁਣ ਤੱਕ 26,337 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਜਲੰਧਰ ਵਿੱਚ ਹੁਣ ਤੱਕ ਕੋਰੋਨਾ ਕਰਕੇ 933 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਕੋਰੋਨਾ ਦੇ ਵੱਧ ਰਹੇਂ ਮਾਮਲਿਆਂ ਨੂੰ ਲੈ ਕੇ ਜਲੰਧਰ ਦੇ ਸਿਹਤ ਮਹਿਕਮੇ ਵੱਲੋਂ ਲਗਾਤਾਰ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀਂ ਹੈ ਤੇ ਲਗਾਤਾਰ ਲੋਕਾਂ ਦੇ ਟੈਸਟ ਵੀ ਕੀਤੇ ਜਾ ਰਹੇਂ ਹਨ। ਜਲੰਧਰ ਵਿੱਚ ਕੋਰੋਨਾ ਨੂੰ ਦੇਖਦੇ ਹੋਏ ਜਲੰਧਰ ਦੇ ਸਿਵਲ ਹਾਸਪਤਾਲ ਦੀ ਓਪੀਡੀ ਅਤੇ ਹੋਰ ਕਈ ਬ੍ਰਾਂਚਾਂ ਨੂੰ ਈਐੱਸਆਈ ਹਾਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਹੈ। ਸਿਵਲ ਹਸਪਤਾਲ ਕੋਰੋਨਾ ਦੇ ਮਰੀਜ਼ਾ ਲਈ ਹੀ ਰੱਖਿਆ ਗਿਆ ਹੈ।
ਜਲੰਧਰ ਦੇ ਸਿਵਲ ਸਰਜਨ ਬਲਵੰਤ ਸਿੰਘ ਦੇ ਮੁਤਾਬਕ ਜ਼ਿਲ੍ਹੇ ਵਿੱਚ ਉਨ੍ਹਾਂ ਦੀਆਂ ਕੁੱਲ 65 ਟੀਮਾਂ ਅਲੱਗ-ਅਲੱਗ ਇਲਾਕਿਆਂ ਵਿੱਚ ਕੇਰੋਨਾ ਟੈਸਟ ਦਾ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਜਲੰਧਰ ਵਿੱਚ ਰੋਜ਼ਾਨਾ ਕਰੀਬ 5 ਹਜ਼ਾਰ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਆਪਣਾ ਬਚਾਅ ਕਰਨ ਲਈ ਕੋਰੋਨਾ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।