ਜਲੰਧਰ: ਪੂਰੀ ਦੁਨੀਆ ਵਿੱਚ ਕੋਰੋਨਾ ਕਾਲ ਦੇ ਬਾਵਜੂਦ ਨਵੇਂ ਸਾਲ ਦਾ ਜਸ਼ਨ ਉਤਸ਼ਾਹ ਨਾਲ ਮਨਾਇਆ ਗਿਆ। ਪੂਰੀ ਦੁਨੀਆ ਨੇ ਇਸ ਸਾਲ ਦੀ ਸ਼ੁਰੂਆਤ ਹੱਸਦੇ ਗਾਉਂਦੇ ਨੱਚਦੇ ਕੀਤੀ। ਦੂਜੇ ਪਾਸੇ ਜਲੰਧਰ ਦੇ ਕੁੱਕੜ ਪਿੰਡ ਵਿਖੇ ਕਿਸਾਨਾਂ ਨੇ ਰਾਤ 12 ਵਜੇ 'ਮੋਦੀ ਜਾਓ' ਦੇ ਨਾਰੇ ਵਾਲੇ ਗੁਬਾਰੇ ਉਡਾਕੇ ਨਵੇਂ ਸਾਲ ਦਾ ਆਗਾਜ਼ ਕੀਤਾ। ਕਿਸਾਨਾਂ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਵਾਲੇ ਬੈਨਰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ।
'ਮੋਦੀ ਜਾਓ' ਦੇ ਗ਼ੁਬਾਰੇ ਉਡਾਕੇ ਮਨਾਇਆ ਨਵਾਂ ਸਾਲ
ਪਿੰਡ ਦੇ ਕਿਸਾਨਾਂ ਨੇ ਪਹਿਲਾਂ ਚਾਹ ਪਕੌੜਿਆਂ ਦਾ ਲੰਗਰ ਛਕਿਆ ਅਤੇ ਰਾਤ 12 ਵੱਜਦੇ ਨਵਾਂ ਸਾਲ ਸ਼ੁਰੂ ਹੁੰਦਿਆਂ ਮੋਦੀ ਜਾਓ ਦੇ ਬੈਨਰਾਂ ਵਾਲੇ ਗੁਬਾਰੇ ਉਡਾਏ। ਨਵੇਂ ਸਾਲ ਦੀ ਸ਼ੁਰੂਆਤ 'ਤੇ ਕਿਸਾਨਾਂ ਦਾ ਇਹ ਵਿਰੋਧ ਸਾਫ਼ ਦੱਸਦਾ ਹੈ ਕਿ ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨ ਹੀ ਨਹੀਂ ਬਲਕਿ ਦੇਸ਼ ਦੇ ਅਲੱਗ ਅਲੱਗ ਕੋਨਿਆਂ 'ਚ ਬੈਠੇ ਕਿਸਾਨਾਂ ਵਿੱਚ ਵੀ ਕੇਂਦਰ ਸਰਕਾਰ ਵਿਰੁੱਧ ਕਿੰਨਾ ਰੋਸ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਹਰ ਸਾਲ ਉਹ ਨਵੇਂ ਸਾਲ ਦੀ ਸ਼ੁਰੂਆਤ ਬੜੀ ਹੀ ਧੂਮਧਾਮ ਨਾਲ ਹੱਸਦੇ ਗਾਉਂਦੇ ਹੋਏ ਕਰਦੇ ਸਨ। ਪਰ ਇਸ ਸਾਲ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਇਸ ਸਾਲ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਨਵੇਂ ਸਾਲ ਦਾ ਆਗਾਜ਼ ਕੀਤਾ।