ਜਲੰਧਰ: ਕੋਰੋਨਾ ਦੇ ਚੱਲਦੇ ਪੂਰੇ ਦੇਸ਼ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ ਪਰ ਹਰ ਸੂਬੇ ਵੱਲੋਂ ਲੋਕਾਂ ਨੂੰ ਕੁੱਝ ਢਿੱਲ ਦਿੱਤੀ ਗਈ ਹੈ। ਇਸ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੂੰ ਇਸ ਢਿੱਲ ਦਾ ਕੋਈ ਲਾਭ ਨਹੀਂ ਮਿਲਿਆ, ਉਹ ਦੁੱਖੀ ਹਨ।
ਪੰਜਾਬ ਵਿੱਚ ਹਰ ਖੁਸ਼ੀ ਦੇ ਸਮਾਗਮ ਅਤੇ ਪੰਜਾਬ ਦੇ ਲੋਕਾਂ ਦੀ ਹਰ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਇਹ ਢੋਲੀ ਅੱਜ ਖ਼ੁਦ ਨਿਰਾਸ਼ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਨੇ ਆਮ ਲੋਕਾਂ ਦੀਆਂ ਸਹੂਲਤਾਂ ਲਈ ਵਪਾਰਕ ਸੰਸਥਾਨ ਅਤੇ ਹੋਰ ਕੰਮਾਂ ਵਿੱਚ ਛੋਟ ਦਿੱਤੀ ਹੋਈ ਹੈ। ਪਰ ਅਜੇ ਵੀ ਪੰਜਾਬ ਵਿੱਚ ਜ਼ਿਆਦਾਤਰ ਲੋਕਾਂ ਦਾ ਇੱਕ ਜਗ੍ਹਾ 'ਤੇ ਇਕੱਠਾ ਹੋਣਾ ਮਨ੍ਹਾ ਹੈ।
ਕੋਰੋਨਾ ਵਾਇਰਸ ਕਾਰਨ ਲੋਕ ਵਿਆਹ ਸ਼ਾਦੀਆਂ ਲਈ ਪੈਲਸ ਅਤੇ ਹੋਟਲ ਬੁੱਕ ਕਰਨ ਦੀ ਬਜਾਏ ਕੁੱਝ ਗਿਣਤੀ ਵਿੱਚ ਰਿਸ਼ਤੇਦਾਰਾਂ ਦੇ ਨਾਲ ਹੀ ਆਪਣੇ ਸਮਾਗਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਢੋਲੀ ਆਪਣੇ ਘਰਾਂ ਵਿੱਚ ਬੈਠੇ ਹਨ। ਢੋਲੀਆਂ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਇਲਾਵਾ ਉਹ ਹੋਰ ਕੋਈ ਕੰਮ ਨਹੀਂ ਕਰਦੇ ਇਸ ਲਈ ਉਹ ਉਡੀਕ ਕਰ ਰਹੇ ਹਨ ਕਿ ਕੱਦ ਕੋਰੋਨਾ ਦਾ ਕਹਿਰ ਖ਼ਤਮ ਹੋਵੇਗਾ ਅਤੇ ਲੋਕ ਪਹਿਲਾਂ ਵਾਂਗ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਲਈ ਇਨ੍ਹਾਂ ਨੂੰ ਸੱਦਾ ਦੇਣਾ ਸ਼ੁਰੂ ਕਰਨਗੇ।