ਫ਼ਗਵਾੜਾ: ਜ਼ਿਮਨੀ ਚੋਣਾਂ ਦੇ ਚੱਲਦਿਆਂ ਸਭ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਫ਼ਗਵਾੜਾ ਦੇ ਇਲਾਕਾ ਓਂਕਾਰ ਨਗਰ ਵਿੱਚ ਜ਼ਿਆਦਾਤਰ ਪਰਵਾਸੀ ਭਾਰਤੀ ਰਹਿੰਦੇ ਹਨ, ਜਿਸ ਕਾਰਨ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੋਟਾਂ ਮੰਗਣ ਲਈ ਭੋਜਪੁਰੀ ਮਸ਼ਹੂਰ ਗਾਇਕ ਖੁਸ਼ਬੂ ਤਿਵਾੜੀ ਨੂੰ ਬੁਲਾਇਆ ਗਿਆ ਅਤੇ ਡਾਂਸਰਾਂ ਦੇ ਠੁਮਕਿਆਂ ਦਾ ਸਹਾਰਾ ਲਿਆ ਗਿਆ। ਭੋਜਪੁਰੀ ਗਾਇਕ ਖੁਸ਼ਬੂ ਤਿਵਾੜੀ ਨੇ ਸਟੇਜ 'ਤੇ ਭੋਜਪੁਰੀ ਭਾਸ਼ਾ ਵਿੱਚ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਉਸ ਦੇ ਹੱਕ ਵਿੱਚ ਵੋਟ ਮੰਗੇ।
ਇਹੀ ਨਹੀਂ ਇਸ ਦੌਰਾਨ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਪੰਜਾਬ ਪੁਲਿਸ ਵੀ ਉਨ੍ਹਾਂ ਦੀ ਵਰਕਰ ਬਣ ਲੋਕਾਂ ਨੂੰ ਆਰਾਮ ਨਾਲ ਬੈਠ ਕੇ ਪ੍ਰੋਗਰਾਮ ਵੇਖਣ ਦੀ ਗੁਜ਼ਾਰਿਸ਼ ਕਰਦੀ ਦਿਖਾਈ ਦਿੱਤੀ। ਪਰ ਜਦ ਪੁਲਿਸ ਅਧੀਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਪੁਲਿਸ ਸਿਰਫ਼ ਅਨੁਸ਼ਾਸਨ ਬਾਏ ਰੱਖਣ ਦਾ ਕੰਮ ਕਰ ਰਹੀ ਹੈ।
ਸਟੇਜ 'ਤੇ ਮੁੱਖ ਮਹਿਮਾਨ ਵਜੋਂ ਆਏ ਕੈਬਿਨਟ ਮੰਤਰੀ ਸ਼ਾਮ ਸੁੰਦਰ ਅਰੋੜਾ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਚੋਣ ਲੜਨਗੇ, ਤਾਂ ਉਹ ਪਿਛਲੇ ਢਾਈ ਸਾਲਾਂ ਵਿੱਚ ਵਿਕਾਸ ਦੀ ਗੱਲ ਕਰਦੇ ਰਹੇ 'ਤੇ ਜਦੋਂ ਉਹ ਠੁਮਕੇ ਲਗਵਾਕੇ ਵੋਟ ਮੰਗਣ ਦੀ ਗੱਲ ਪੁੱਛੀ ਗਈ ਤਾਂ ਪਹਿਲੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਤਾਂ ਇਨ੍ਹਾਂ ਦਾ ਮਨੋਰੰਜਨ ਹੈ ਅਤੇ ਜੇਕਰ ਕੁੱਝ ਵੀ ਗਲਤ ਲੱਗ ਰਿਹਾ ਤਾਂ ਲੋਕੀ ਇਸ ਨੂੰ ਬੰਦ ਵੀ ਕਰਵਾ ਸਕਦੇ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਉਮੀਦਵਾਰ ਲੋਕਾਂ 'ਚ ਪ੍ਰਚਾਰ ਕਰਕੇ ਵੋਟ ਮੰਗ ਰਹੇ ਨੇ ਪਰ ਕਾਂਗਰਸ ਵੱਲੋਂ ਵੋਟਾਂ ਮੰਗਣ ਲਈ ਵਰਤਿਆ ਗਿਆ ਇਹ ਤਰੀਕਾ ਚੋਣ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ।