ਜਲੰਧਰ: ਸਥਾਨਕ ਪ੍ਰੈਸ ਕਲੱਬ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਸ਼ਾਂਤਮਈ ਢੰਗ ਨਾਲ ਸੀਬੀਆਈ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਸਿੱਖਾਂ 'ਤੇ ਪੁਲਿਸ ਤੇ ਸਰਕਾਰ ਦੇ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦਾ ਵਿਰੋਧ ਜਾਰੀ ਰਹੇਗਾ।
ਇਹ ਵੀ ਪੜ੍ਹੋ: ਸੀਬੀਆਈ ਵਿਰੁੱਧ ਧਰਨਾ, ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦਾ ਪਰਦਾਫ਼ਾਸ਼ ਕਰਨ ਦੀ ਮੰਗ
ਸੁਖਜੀਤ ਸਿੰਘ ਨੇ ਪ੍ਰੈਸ ਕਾਨਫ਼ਰੰਸ 'ਚ ਕਹੀਆਂ ਇਹ ਗੱਲਾਂ
ਸੁਖਜੀਤ ਸਿੰਘ ਨੇ ਕਿਹਾ ਕਿ ਸੀਬੀਆਈ ਨੇ ਜੋ ਕਲੋਜ਼ਰ ਰਿਪੋਰਟ ਸੌਂਪੀ ਹੈ ਉਸ ਤੋਂ ਸਪੱਸ਼ਟ ਹੈ ਕਿ ਸਰਕਾਰਾਂ ਇਸ ਮਾਮਲੇ 'ਤੇ ਕੋਈ ਧਿਆਨ ਨਹੀਂ ਦੇ ਰਹੀਆਂ ਹਨ। ਇਸ ਦੇ ਨਾਲ ਹੀ ਸੀਬੀਆਈ ਵਰਗੀ ਏਜੰਸੀ ਨੂੰ ਵੀ ਆਪਣੇ ਦਬਾਅ ਹੇਠ ਕੰਮ ਕਰਨ ਲਈ ਮਜਬੂਰ ਕਰ ਰਹੀਆਂ ਹਨ।
ਸਤਿਕਾਰ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਬੀਤੇ ਦਿਨੀਂ ਪੁਲਿਸ ਨੇ ਸਿੱਖਾਂ 'ਤੇ ਹੰਝੂ ਗੈਸ ਦੇ ਗੋਲੇ ਤੇ ਲਾਠੀਚਾਰਜ ਕੀਤਾ ਹੈ, ਜਿਸ ਦੀ ਨਾਨਕ ਲੇਵਾ ਸੰਗਤਾ ਨੇ ਨਿਖੇਧੀ ਕੀਤੀ ਹੈ। ਇਸ ਲਈ 24 ਜੁਲਾਈ ਸਤਿਕਾਰ ਕਮੇਟੀ ਦੇ ਨਾਲ ਨਾਨਕ ਨਾਮ ਲੇਵਾ ਸਿੱਖ ਜੱਥੇਬੰਦੀਆਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਵਤਾਰ ਨਗਰ ਲੁਧਿਆਣਾ ਵਿਖੇ ਇੱਕ ਮੀਟਿੰਗ ਕਰਨਗੀਆਂ। ਸਿੱਖਾਂ ਉੱਤੇ ਹੋਏ ਪੰਜਾਬ ਸਰਕਾਰ ਅਤੇ ਪੁਲਿਸ ਦੇ ਹਮਲੇ ਤੋਂ ਬਾਅਦ ਹੁਣ ਸਿੱਖ ਸ਼ਾਂਤ ਰਹਿਣ ਵਾਲੇ ਨਹੀਂ ਜਿਸ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸੀਬੀਆਈ ਵੱਲੋਂ ਜਾਰੀ ਕੀਤੀ ਗਈ ਕਲੋਜ਼ਰ ਰਿਪੋਰਟ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਨੇ ਚੰਡੀਗੜ੍ਹ ਸੀਬੀਆਈ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਨੇ ਸਿੱਖ ਜੱਥੇਬੰਦੀਆਂ ਨੂੰ ਅੱਗੇ ਵੱਧਣ ਹੀ ਨਹੀਂ ਦਿੱਤਾ ਤੇ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਕੇ ਪੁਲਿਸ ਨੇ ਸਿੱਖਾਂ 'ਤੇ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕੀਤਾ ਜਿਸ ਕਾਰਨ ਕਈ ਸਿੱਖ ਜ਼ਖ਼ਮੀ ਹੋ ਗਏ। ਇਸ ਦਾ ਰੋਸ ਸਿੱਖਾਂ ਵਿੱਚ ਹਾਲੇ ਵੀ ਵੇਖਣ ਨੂੰ ਮਿਲ ਰਿਹਾ ਹੈ ਜਿਸ 'ਤੇ ਸਿੱਖ ਜੱਥੇਬੰਦੀਆਂ ਨੇ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਹੀ ਹੈ।