ਜਲੰਧਰ: ਬੀਤੀ ਦੇਰ ਰਾਤ ਜੇ.ਸੀ.ਟੀ ਮਿੱਲ ਫਗਵਾੜਾ ਸਾਹਮਣੇ ਇੱਕ ਕੱਪੜਿਆ ਦੀ ਦੁਕਾਨ ਨੂੰ ਭੇਦਭਰੇ ਹਾਲਾਤਾਂ ਵਿਚ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਪਰੰਤੂ ਅੱਗ ਇੰਨੀ ਭਿਆਨਕ ਸੀ ਕਿ ਅੱਗ ਉੱਪਰ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨਾਲ ਕਾਬੂ ਪਾਇਆ ਗਿਆ। ਜਦੋਂ ਤੱਕ ਅੱਗ ਉੱਪਰ ਕਾਬੂ ਪਾਇਆ ਗਿਆ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ।
ਦੁਕਾਨ ਮਾਲਕ ਨੇ ਦੱਸਿਆ ਕਿ ਉਹ ਰਾਤ ਨੂੰ ਕਰੀਬ ਦਸ ਵਜੇ ਦੇ ਆਪਣੇ ਘਰ ਦੁਕਾਨ ਨੂੰ ਤਾਲਾ ਲਾ ਕੇ ਚਲੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਫੋਨ ਆਉਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਵਿਚ ਅੱਗ ਲੱਗੀ ਹੈ। ਦੁਕਾਨ ਵਿੱਚ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਉਨ੍ਹਾਂ ਨੂੰ ਨਹੀਂ ਪਤਾ ਲੱਗਾ ਪਰ ਅੱਗ ਕਾਰਨ ਉਨ੍ਹਾਂ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਪੌਣੇ ਕੁ ਇੱਕ ਵਜੇ ਫੋਨ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਤੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਪਤਾ ਨਹੀ ਲੱਗਾ ਹੈ।