ਜਲੰਧਰ: ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਇੱਕ ਕਿਸਾਨ ਦੀਆਂ 50 ਮੁਰਗੀਆਂ ਦੀ ਭੇਤਭਰੇ ਹਾਲਤ ਵਿੱਚ ਮਾਰੇ ਜਾਣ ਦੀ ਸੂਚਨਾ ਹੈ। ਮੁਰਗੀਆਂ ਦੇ ਮਾਰੇ ਜਾਣ ਨਾਲ ਕਿਸਾਨ ਨੂੰ ਆਰਥਿਕ ਨੁਕਸਾਨ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿੰਮੀਦਾਰ ਸੰਤੋਖ ਸਿੰਘ ਨੇ ਇਥੇ ਆਪਣੀ ਹਵੇਲੀ ਵਿੱਚ ਲੰਮੇ ਸਮੇਂ ਤੋਂ ਮੁਰਗੀਆਂ ਅਤੇ ਉਨ੍ਹਾਂ ਦੇ ਬੱਚੇ ਪਾਲਣ ਦਾ ਧੰਦਾ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਉਹ ਰੋਜ਼ਾਨਾ ਖੁਰਾਕ ਦੇ ਕੇ ਪਾਲਦੇ ਸਨ। ਕਿਸਾਨ ਨੇ ਦੱਸਿਆ ਕਿ ਇਹ ਲਗਭਗ 60 ਮੁਰਗੀਆਂ ਸਨ, ਜਿਨ੍ਹਾਂ ਵਿੱਚੋਂ ਹੁਣ ਸਿਰਫ਼ 10 ਹੀ ਬਚੀਆਂ ਹਨ।
ਬੀਤੀ ਸ਼ਾਮ ਨੂੰ ਵੀ ਹਰ ਰੋਜ਼ ਦੀ ਤਰ੍ਹਾਂ ਆਪਣੀਆਂ ਮੁਰਗੀਆਂ ਨੂੰ ਖੁਰਾਕ ਦੇ ਕੇ ਹਵੇਲੀ ਦੇ ਕਮਰੇ ਵਿੱਚ ਬੰਦ ਕਰ ਕੇ ਚਲੇ ਗਏ ਅਤੇ ਜਦੋਂ ਸਵੇਰੇ ਆ ਕੇ ਉਨ੍ਹਾਂ ਨੇ ਦੇਖਿਆ ਤਾਂ ਹਵੇਲੀ ਦੇ ਵਿਹੜੇ ਵਿੱਚ ਮੁਰਗੀਆਂ ਮਰੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਸਮਝ ਨਹੀਂ ਲੱਗ ਸਕੀ ਹੈ ਕਿ ਇਹ ਕਿਵੇਂ ਮਰੀਆਂ ਹਨ। ਕਿਸੇ ਨੇ ਦਵਾਈ ਪਾਈ ਹੈ ਜਾਂ ਫਿਰ ਕਿਸੇ ਹੋਰ ਕਾਰਨ ਨਾਲ ਮਰੀਆਂ ਹਨ।
ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਮੁਰਗੀਆਂ ਦੇ ਕੁੱਝ ਬੱਚੇ ਮਾਰੇ ਗਏ ਸਨ, ਪਰੰਤੂ ਹੁਣ ਵਾਪਰੀ ਘਟਨਾ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਮੁਰਗੀਆਂ ਦੇ ਸਰੀਰ ਉੱਤੇ ਕੋਈ ਵੀ ਖਰੋਚ ਦਾ ਨਿਸ਼ਾਨ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਮੁਰਗੀਆਂ ਦਾ ਸੌਦਾ ਵੀ ਕੀਤਾ ਹੋਇਆ ਸੀ ਪਰ ਅਚਾਨਕ ਹੀ ਇਨ੍ਹਾਂ ਦੇ ਮਰ ਜਾਣ ਦੇ ਨਾਲ ਉਨ੍ਹਾਂ ਦਾ ਤਕਰੀਬਨ ਤੀਹ ਹਜ਼ਾਰ ਦੇ ਕਰੀਬ ਰੁਪਏ ਦਾ ਨੁਕਸਾਨ ਹੋ ਗਿਆ।