ਜਲੰਧਰ: ਪਿਛਲੇ ਨੌ ਦਿਨਾਂ ਤੋਂ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਸ਼ਨਿਚਰਵਾਰ ਯਾਨਿ ਅੱਜ ਪੰਜਾਬ ਐਂਡ ਸਿੰਧ ਬੈਂਕ ਅਤੇ ਇੰਡੀਅਨ ਆਇਲ ਵਿੱਚ ਹੋਵੇਗਾ। ਪੰਜਾਬ ਐਂਡ ਸਿੰਧ ਬੈਂਕ ਨੇ ਆਰਮੀ ਇਲੈਵਨ ਨੂੰ ਪੰਜ-ਚਾਰ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਉਧਰ ਦੂਸਰੇ ਪਾਸੇ ਇੰਡੀਅਨ ਆਇਲ ਨੇ ਪੰਜਾਬ ਪੁਲਿਸ ਨੂੰ ਚਾਰ-ਦੋ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ।
ਜਲੰਧਰ ਵਿੱਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ 10 ਅਕਤੂਬਰ ਨੂੰ ਇਸ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਹੋਈ ਸੀ ਜਿਸ ਵਿੱਚ ਦੇਸ਼ ਭਰ ਤੋਂ 13 ਟੀਮਾਂ ਨੇ ਹਿੱਸਾ ਲਿਆ ਅਤੇ ਹੁਣ ਸ਼ਨਿਚਰਵਾਰ ਯਾਨਿ ਅੱਜ ਇਨ੍ਹਾਂ 13 ਟੀਮਾਂ ਵਿੱਚੋਂ ਪੰਜਾਬ ਸਿੰਧ ਬੈਂਕ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਫਾਈਨਲ ਵਿੱਚ ਟੱਕਰ ਲੈਣਗੀਆਂ।
ਇਸ ਟੂਰਨਾਮੈਂਟ ਦੇ ਆਖਰੀ ਅਤੇ ਫਾਈਨਲ ਖੇਡੇ ਜਾਣ ਵਾਲੇ ਮੈਚ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਪੁੱਜਣਗੇ ਅਤੇ ਜੇਤੂ ਟੀਮ ਨੂੰ ਟਰਾਫ਼ੀ ਅਤੇ ਸਾਢੇ ਪੰਜ ਲੱਖ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕਰਨਗੇ। ਇਸ ਦੇ ਨਾਲ ਹੀ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਡਰਾਅ ਰਾਹੀਂ ਕੱਢੇ ਜਾਣ ਵਾਲੇ ਬਹੁਤ ਸਾਰੇ ਇਨਾਮ ਵੀ ਦਰਸ਼ਕਾਂ ਵਿੱਚ ਆਕਰਸ਼ਣ ਦਾ ਕੇਂਦਰ ਰਹਿਣਗੇ।
ਇਹ ਵੀ ਪੜੋ: ਪੀਐਮ ਮੋਦੀ ਘਰ ਪੁੱਜੇ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਕਲਾਕਾਰਾਂ ਨੂੰ ਇਹ ਖ਼ਾਸ ਅਪੀਲ
ਫਿਲਹਾਲ ਹੁਣ ਦੇਖਣਾ ਇਹ ਹੈ ਕਿ ਸ਼ਾਮ ਕਰੀਬ ਸੱਤ ਵਜੇ ਸ਼ੁਰੂ ਹੋਣ ਜਾ ਰਹੇ ਇਸ ਫਾਈਨਲ ਮੈਚ ਵਿੱਚ ਕਿਹੜੀ ਟੀਮ ਜਿੱਤ ਕੇ ਟਰਾਫ਼ੀ ਅਤੇ ਸਾਢੇ ਪੰਜ ਲੱਖ ਦੀ ਰਾਸ਼ੀ ਦੀ ਹੱਕਦਾਰ ਬਣਦੀ ਹੈ।