ਜਲੰਧਰ: ਐਕਸਾਈਜ ਵਿਭਾਗ ਨੇ ਸਤਲੁਜ ਦਰਿਆ ਕੰਢੇ ਚਾਰ ਪਿੰਡਾਂ ਵਿੱਚ ਛਾਪੇਮਾਰੀ ਕਰਦੇ ਹੋਏ 8 ਹਜ਼ਾਰ ਲੀਟਰ ਦੇਸੀ ਦਾਹਣ ਬਰਾਮਦ ਕੀਤੀ ਹੈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਪਿੱਛੋਂ ਚੌਕਸ ਹੋਈ ਪੁਲਿਸ ਨੇ ਲਗਾਤਾਰ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ ਹੋਈ ਹੈ। ਇਸ ਤੋਂ ਇਲਾਵਾ ਛਾਪੇਮਾਰੀ ਲਈ ਡਰੋਨਾਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ।
ਜਲੰਧਰ ਦੇ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਪਵਨਦੀਪ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਸ਼ੁੱਕਰਵਾਰ ਨੂੰ ਵਿਭਾਗ ਨੇ ਸ਼ਾਹਕੋਟ ਅਤੇ ਮਹਿਤਪੁਰ ਦੇ 4 ਪਿੰਡਾਂ ਸ਼ਾਹਕੋਟ ਦੇ ਪਿੰਡ ਬਾਊਪੁਰ, ਬੂਟੇ ਦੀਆਂ ਛੱਣਾਂ 'ਤੇ ਮਹਿਤਪੁਰ ਦੇ ਪਿੰਡ ਧਾਬਾਸ 'ਤੇ ਚੱਕੋਵਾਲ ਦੇ ਦਰਿਆ ਕੰਢੇ ਛਾਪਾ ਮਾਰ ਕੇ ਲਗਭਗ 20 ਤਰਪਾਲਾਂ ਹੇਠ ਛੁਪਾਈ 8 ਹਜ਼ਾਰ ਲੀਟਰ ਦੇਸੀ ਲਾਹਣ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਫੜੀ ਗਈ ਇਸ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਪੁਲਿਸ ਨੇ ਮੌਕੇ 'ਤੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।