ਜਲੰਧਰ: 1984 ਵਿੱਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਦੇ ਘਰ ਉਜੜੇ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਕਤਲੇਆਮ ਦੌਰਾਨ ਆਪਣਾ ਕਾਰੋਬਾਰ ਛੱਡ ਕੇ ਬੇਘਰ ਹੋਣਾ ਪਿਆ ਤੇ ਕਿਸੇ ਹੋਰ ਥਾਂ 'ਤੇ ਜਾ ਕੇ ਆਪਣਾ ਟਿਕਾਣਾ ਲੱਭਣਾ ਪਿਆ। ਅਜਿਹਾ ਹੀ ਇੱਕ ਵਿਅਕਤੀ ਪਰਮਜੀਤ ਸਿੰਘ ਭਾਟੀਆ ਹੈ ਜੋ ਕਿ ਜਲੰਧਰ ਵਿੱਚ ਛੋਲੇ ਭਟੂਰੇ ਦੀ ਰੇਹੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ।
ਜਦੋਂ ਈਟੀਵੀ ਭਾਰਤ ਦੀ ਟੀਮ ਨੇ ਪਰਮਜੀਤ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਜਦੋਂ 1984 ਵਿੱਚ ਦਿੱਲੀ ਵਿਖੇ ਸਿੱਖ ਕਤਲੇਆਮ ਹੋਇਆ ਸੀ ਉਸ ਵੇਲੇ ਉਹ ਆਪਣੇ ਪਿਤਾ ਹਰਬੰਸ ਸਿੰਘ ਭਾਟੀਆ ਨਾਲ ਦਿੱਲੀ ਦੀ ਇੱਕ ਪੌਸ਼ ਕਲੋਨੀ ਵਿੱਚ ਰਹਿੰਦੇ ਸਨ। ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਿਹਤ ਮੰਤਰਾਲੇ ਵਿੱਚ ਅਫ਼ਸਰ ਸਨ।
ਪਰਿਵਾਰ ਵਿੱਚ 2 ਭਰਾ ਤੇ ਮਾਤਾ ਪਿਤਾ ਦਿੱਲੀ ਦੇ ਲੋਧੀ ਨਗਰ ਵਿੱਚ ਇਕੱਠੇ ਰਹਿੰਦੇ ਸਨ। 1984 ਕਤਲੇਆਮ ਵਿੱਚ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਜਲੰਧਰ ਆਉਣਾ ਪਿਆ। ਦਿੱਲੀ ਦੀ ਇੱਕ ਪੌਸ਼ ਕਲੋਨੀ ਵਿੱਚ ਆਪਣਾ ਹੱਸਦਾ ਵੱਸਦਾ ਪਰਿਵਾਰ ਤੇ ਘਰ ਛੱਡ ਕੇ ਜਲੰਧਰ ਆਏ ਪਰਮਜੀਤ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਇੱਕ ਬਹੁਤ ਹੀ ਵਧੀਆ ਮਾਹੌਲ ਵਿੱਚ ਦਿੱਲੀ ਵਿੱਚ ਰਹਿੰਦੇ ਹੋਏ ਜਦੋਂ ਉਹ ਉਸ ਜਗ੍ਹਾ ਨੂੰ ਛੱਡ ਕੇ ਆਏ ਤਾਂ ਉਸ ਤੋਂ ਬਾਅਦ ਦੁਬਾਰਾ ਫੇਰ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਕਦੀ ਠੀਕ ਨਹੀਂ ਹੋਈ।
ਹਾਲਾਂਕਿ ਸਰਕਾਰ ਵੱਲੋਂ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਪਰ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਦਿੱਲੀ ਵਿੱਚ ਆਪਣਾ ਘਰ ਛੱਡ ਕੇ ਬਾਹਰ ਕਿਸੇ ਸ਼ਹਿਰ ਵਿੱਚ ਕੀ ਦੋ ਲੱਖ ਰੁਪਏ ਦਾ ਕੋਈ ਘਰ ਬਣ ਸਕਦਾ ਹੈ। ਹੁਣ ਹਾਲਾਤ ਇਹ ਹੋ ਗਏ ਹਨ ਕਿ ਪਰਮਜੀਤ ਸਿੰਘ ਭਾਟੀਆ ਆਪਣੇ ਪੁੱਤਰ ਦੇ ਨਾਲ ਜਲੰਧਰ ਦੀ ਇੱਕ ਸੜਕ ਕਿਨਾਰੇ ਛੋਲੇ ਭਟੂਰੇ ਦੀ ਰੇਹੜੀ ਲਗਾਉਣ ਲਈ ਮਜਬੂਰ ਹੈ। ਇੰਨਾਂ ਹੀ ਨਹੀਂ ਉਸ ਨੇ ਇਹ ਰੇਹੜੀ ਤੱਕ ਕਿਰਾਏ 'ਤੇ ਲਈ ਹੋਈ ਹੈ ਜਿਸ ਦਾ ਰੋਜ਼ 200 ਰੁਪਿਆ ਕਿਰਾਇਆ ਰੇਹੜੀ ਮਾਲਕ ਨੂੰ ਦੇਣ ਪੈਂਦਾ ਹੈ। ਇਸ ਤੋਂ ਇਲਾਵਾ ਪਰਮਜੀਤ ਸਿੰਘ ਭਾਟੀਆ ਦੇ ਪੁੱਤਰ ਨੇ ਰੋਂਦਿਆਂ ਹੋਇਆਂ ਆਪਣੇ ਹਾਲਾਤ ਬਿਆਨ ਕੀਤੇ।
ਉਸ ਨੇ ਕਿਹਾ ਕਿ ਉਹ ਵੀ ਹੋਰ ਨੌਜਵਾਨਾਂ ਵਾਂਗ ਪੜ੍ਹਾਈ ਲਿਖਾਈ ਕਰਕੇ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੀ ਸੀ ਕਿ ਉਹ ਪੜ੍ਹਾਈ ਲਿਖਾਈ ਨਹੀਂ ਕਰ ਸਕਿਆ। ਸਮੇਂ ਦੀਆਂ ਸਰਕਾਰਾਂ ਨੇ 84 'ਤੇ ਸਦਾ ਸਿਆਸਤ ਹੀ ਕੀਤੀ ਹੈ, ਪਰ ਇਨ੍ਹਾਂ ਉਜੜਿਆਂ ਦੀ ਸਾਰ ਕਦੇ ਕਿਸੇ ਨੇ ਨਹੀਂ ਲਈ।