ਗੜ੍ਹਸ਼ੰਕਰ: ਪਿੰਡ ਦੇਨੋਵਾਲ ਖੁਰਦ ਨਾਲ ਲੱਗਦੀ ਬਸਤੀ ਸੈਂਸੀਆਂ ਦੇ ਕਾਂਗਰਸੀ ਸਰਪੰਚ ਜਤਿੰਦਰ ਜੋਤੀ, ਜੋ ਪਿੰਡ ਦਾ ਨੰਬਰਦਾਰ ਵੀ ਹੈ ਉਸ ਨੇ ਬੀ.ਡੀ.ਪੀ.ਓ. ਗੜ੍ਹਸ਼ੰਕਰ 'ਤੇ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ।
ਸਰਪੰਚ ਵਲੋਂ ਵਿਭਾਗ ਦੇ ਜੇ.ਈ. 'ਤੇ ਗ਼ਲਤ ਸ਼ਬਦਾਵਲੀ ਵਰਤਣ ਤੇ ਪੰਚਾਇਤ ਦਾ ਕੰਮ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਇੱਕ ਸ਼ਿਕਾਇਤ ਕੀਤੀ ਹੈ। ਸਰਪੰਚ ਜਤਿੰਦਰ ਜੋਤੀ ਨੇ ਹਫ਼ਤਾ ਪਹਿਲਾ ਤਿਆਰ ਕੀਤੇ ਬਿਆਨ ਦੀ ਇਬਾਰਤ 'ਚ ਦੋਸ਼ ਲਗਾਇਆ ਕਿ ਉਹ 4 ਮਾਰਚ ਨੂੰ ਬੀ.ਡੀ.ਪੀ.ਓ. ਦਫ਼ਤਰ ਵਿਖੇ ਪੰਚਾਇਤ ਦਾ ਕੋਰਸ ਸਬੰਧੀ ਰਜਿਸਟਰ ਵਿੱਚ ਮਤਾ ਪਾਉਣ ਲਈ ਗਿਆ।
ਉਸ ਦੌਰਾਨ ਬੀ.ਡੀ.ਪੀ.ਓ. ਨੇ ਕਿਹਾ ਕਿ ਰਜਿਸਟਰ ਦਾ ਕੋਰਸ ਤਾਂ ਪੂਰਾ ਹੋ ਗਿਆ ਹੈ ਤੇ ਜੇਕਰ ਕੋਰਸ ਰਜਿਸਟਰ ਵਿੱਚ ਮਨਜ਼ੂਰ ਕਰਵਾਉਣਾ ਹੈ ਤਾਂ 15 ਹਜ਼ਾਰ ਰੁਪਏ ਲੱਗਣਗੇ ਤੇ ਇਹ ਵੀ ਕਿਹਾ ਕਿ ਇਹ ਡੀ.ਸੀ. ਤੋਂ ਵਗਾਰ ਹੈ। ਉਸ ਨੇ ਵਿਜੈ ਕੁਮਾਰ ਦੀ ਹਾਜ਼ਰੀ ਵਿੱਚ 15 ਹਜ਼ਾਰ ਰੁਪਏ ਬੀ.ਡੀ.ਪੀ.ਓ. ਨੂੰ ਦਿੱਤੇ। ਹੁਣ ਉਹ ਜਦੋਂ ਬੀ.ਡੀ.ਪੀ.ਓ. ਦਫ਼ਤਰ ਕਿਸੇ ਵੀ ਕੰਮ ਲਈ ਜਾਂਦਾ ਹੈ ਤਾਂ ਉਸ ਤੋਂ ਬੀ.ਡੀ.ਪੀ.ਓ. ਵਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ, ਜੇਕਰ ਉਹ ਇਨਕਾਰ ਕਰਦਾ ਹੈ ਤਾਂ ਪਿੰਡ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ।
ਸਰਪੰਚ ਜਤਿੰਦਰ ਜੋਤੀ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਕੀਤੀ ਹੈ। ਸਰਪੰਚ ਨੇ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਦੇ ਨਿਕਾਸ ਲਈ ਜਿਸ ਦਾ 3 ਲੱਖ 70 ਹਜ਼ਾਰ ਰੁਪਏ ਦਾ ਬਕਾਇਆ ਹੈ ਜਿਸ ਵਿੱਚ ਬੀਡੀਪੀਓ ਅੜਿੱਕਾ ਪਾ ਰਹੀ ਹੈ। ਇਸ ਸਬੰਧੀ ਬੀਡੀਪੀਓ ਗੜ੍ਹਸ਼ੰਕਰ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਸਬੰਧੀ ਬੀਡੀਪੀਓ ਦਫ਼ਤਰ ਦੇ ਜੇ.ਈ. ਮਦਨ ਲਾਲ ਨੇ ਵੀ ਸਰਪੰਚ ਜਤਿੰਦਰ ਜੋਤੀ ਵੱਲੋਂ ਲਗਾਏ ਦੋਸ਼ਾਂ ਨੂੰ ਗ਼ਲਤ ਦੱਸਿਆ।