ਹੁਸ਼ਿਆਰਪੁਰ: ਬੇਸ਼ੱਕ ਸਰਕਾਰਾਂ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਪਰ ਜੇਕਰ ਝਾਤ ਧਰਾਤਲ ਤੇ ਮਾਰੀਏ ਤਾਂ ਅਸਲ 'ਚ ਬਹੁਤਾਤ ਦੇ ਵਿੱਚ ਲੋਕ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਹਨ। ਜਿਨ੍ਹਾਂ ਤੱਕ ਸਰਕਾਰੀ ਸਹੂਲਤਾਂ ਤਾਂ ਦੂਰ ਦੀ ਗੱਲ ਸ਼ਾਇਦ ਕੋਈ ਸਰਕਾਰੀ ਨੁਮਾਇੰਦਾ ਵੀ ਨਹੀਂ ਅਪੜਿਆ।
ਇੱਕ ਬਜ਼ੁਰਗ ਔਰਤ ਹੁਸ਼ਿਆਰਪੁਰ ਦੇ ਸ਼ੀਸ਼ ਮਹਿਲ ਦੇ ਬਿਲਕੁਲ ਨਜ਼ਦੀਕ ਫਰੂਟ ਚਾਟ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਕੁਸ਼ੱਲਿਆ ਦੇਵੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਘਰਵਾਲਾ ਅਧਰੰਗ ਕਾਰਨ ਬੀਮਾਰ ਹੈ ਅਤੇ ਕੰਮ ਕਰਨ ਵਿੱਚ ਅਸਮਰੱਥ ਹੈ।
ਉਸ ਨੇ ਦੱਸਿਆ ਕਿ ਉਹ ਫੂਡ ਚਾਟ ਵੇਚ ਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਅਤੇ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਤਾਂ ਜ਼ਰੂਰ ਲੱਗੀ ਹੈ। ਪ੍ਰੰਤੂ ਇਕੱਲਾ ਗੈਸ ਸਿਲੰਡਰ ਹੀ ਹਜ਼ਾਰ ਰੁਪਏ ਦੇ ਕੀਮਤ ਦਾ ਹੋ ਗਿਆ ਹੈ।
ਜਿਸ ਕਾਰਨ ਪੈਨਸ਼ਨ ਨਾਲ ਘਰ ਚਲਾ ਪਾਉਣਾ ਅਸੰਭਵ ਹੀ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਸਿਆਸਤਦਾਨਾਂ ਦੇ ਚਿਹਰੇ ਬਦਲਦੇ ਰਹਿੰਦੇ ਹਨ। ਪਰ ਲੋਕਾਂ ਦੀ ਗ਼ਰੀਬੀ ਅਤੇ ਗ਼ੁਰਬਤ ਵਾਲੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਾ ਹੋਇਆ।
ਵੱਡੀ ਗੱਲ ਇਹ ਵੀ ਹੈ ਕਿ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਵਿਕਾਸ ਦੀਆਂ ਹਨੇਰੀਆਂ ਅਤੇ ਗ਼ਰੀਬਾਂ ਲਈ ਸੁੱਖ ਸੁਵਿਧਾਵਾਂ ਦੇ ਪ੍ਰਬੰਧ ਕਰਨ ਦੇ ਦਾਅਵੇ ਅਕਸਰ ਪੜ੍ਹੇ ਸੁਣੇ ਜਾ ਸਕਦੇ ਹਨ। ਪ੍ਰੰਤੂ ਇਹ ਦ੍ਰਿਸ਼ ਦੇਖ ਕੇ ਵਿਧਾਇਕ ਸੁੰਦਰ ਸ਼ਾਮ ਦੇ ਸਾਰੇ ਦਾਅਵੇ ਅਤੇ ਵਾਅਦਿਆਂ ਦੀ ਹਕੀਕਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਕੁਸ਼ੱਲਿਆ ਦੇਵੀ ਨੇ ਦੱਸਿਆ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀ ਲੋਕ ਕਦੇ ਕਦਾਈਂ ਜ਼ਰੂਰਤ ਦਾ ਸਾਮਾਨ ਅਤੇ ਪੈਸੇ ਦੇ ਜਾਂਦੇ ਹਨ। ਪ੍ਰੰਤੂ ਪਤੀ ਦੀ ਬਿਮਾਰੀ ਅਤੇ ਮਹਿੰਗਾਈ ਦੇ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ:ਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਡੀਕ