ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਮੌਜੋਮਜਾਰਾ ਦੇ 2 ਧੜੇ ਛੱਪੜ ਦੀ ਖੁਦਾਈ ਨੂੰ ਲੈ ਕੇ ਆਹਮੋ ਸਾਹਮਣੇ ਆ ਖੜ੍ਹੇ ਨੇ। ਜਿਥੇ ਇਕ ਦੂਜੇ ਉੱਤੇ ਇਲਜ਼ਾਮਬਾਜ਼ੀਆਂ ਕਰਦੇ ਇਹਨਾਂ ਲੋਕਾਂ ਵੱਲੋਂ ਮਾਮਲੇ ਵਿਚ ਪਿੰਡ ਦੇ ਹੀ ਸਰਪੰਚ ਨੂੰ ਵੀ ਘੇਰ ਲਿਆ ਹੈ। ਪਿੰਡ ਵਾਸੀਆਂ ਨੇ ਸਰਪੰਚ 'ਤੇ ਛੱਪੜ ਚੋਂ 800 ਦੇ ਕਰੀਬ ਮਿੱਟੀ ਦੀਆਂ ਟਰਾਲੀਆਂ ਪੁੱਟ ਕੇ ਖੁਰਦ ਬੁਰਦ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਇਕ ਪੰਚਾਇਤ ਮੈਂਬਰ ਵੀ ਸਰਪੰਚ ਦੇ ਵਿਰੁੱਧ ਖੜ੍ਹਾ ਹੈ।
ਪੰਚਾਇਤ ਮੈਂਬਰ ਨੇ ਸਰਪੰਚ ਨਾਲ ਜਤਾਈ ਅਸਿਹਮਤੀ : ਦਰਅਸਲ ਮਾਮਲਾ ਪਿੰਡ ਵਿਚ ਹੋਈ ਛੱਪੜ ਦੀ ਖ਼ੁਦਾਈ ਸਬੰਧੀ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਸਰਪੰਚ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਪਿੰਡ ਦੇ ਇਕ ਮੌਜੂਦਾ ਪੰਚਾਇਤ ਮੈਂਬਰ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਪਿੰਡ ਦਾ ਇਹ ਛੱਪੜ ਉਸਦੇ ਵਾਰਡ 'ਚ ਆਉਂਦਾ ਹੈ ਤੇ ਸਰਪੰਚ ਨੇ ਛੱਪੜ ਦੀ ਖੁਦਾਈ ਕਰਨ ਬਾਰੇ ਉਸਨੂੰ ਵੀ ਜਾਣਕਾਰੀ ਦੇਣੀ ਜ਼ਰੂਰੀ ਨਹੀਂ ਸਮਝੀ, ਕਿਉਂਕਿ ਸਰਪੰਚ ਪਿੰਡ ਦੇ ਕੁਝ ਇਕਾ-ਦੁਕਾ ਵਿਅਕਤੀਆਂ ਦੇ ਘਰਾਂ ਨੂੰ ਲਾਹਾ ਪਹੁੰਚਾਉਣ ਦੇ ਮਨਸੂਬੇ ਦੇ ਨਾਲ ਇਹ ਕਾਰਵਾਈ ਕਰ ਰਿਹਾ ਹੈ। ਗੁਰਸ਼ਰਨ ਸਿੰਘ ਨੇ ਦੋਸ਼ ਲਾਇਆ ਹੈ ਕਿ ਸਰਪੰਚ ਵਲੋਂ ਪਿੰਡ 'ਚ ਮੌਜੂਦ ਢੇਰ ਵਾਲੀ ਥਾਂ ਪੂਰ ਦਿੱਤੀ ਗਈ ਹੈ।
ਪੰਚਾਇਤ ਦੀ ਸ਼ਹਿ 'ਤੇ ਇਹ ਸਭ ਹੋ ਰਿਹਾ: ਜਦਕਿ ਪਿੰਡ ਵਾਸੀਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡ ਦੇ ਕੁਝ ਵਿਅਕਤੀਆਂ ਪਿੱਛੇ ਲੱਗ ਕੇ ਬਾਕੀਆਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਤੇ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਅਤੇ ਆਪ ਆਗੂ ਮੋਹਨ ਲਾਲ ਪੰਚਾਇਤ ਦੀ ਸ਼ਹਿ 'ਤੇ ਇਹ ਸਭ ਹੋ ਰਿਹਾ ਹੈ। ਇੰਨਾ ਹੀ ਨਹੀਂ ਸਰਪੰਚ ਵਲੋਂ ਲਗਾਤਾਰ ਪਿੰਡ ਵਾਸੀਆਂ ਨੂੰ ਗੁੰਮਰਾਹ ਕਰ ਕੇ ਗਲਤ ਕੰਮ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਕਿ ਸਰਪੰਚ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਆਪ ਆਗੂਆਂ ਮਗਰ ਲੱਗਿਆ ਹੋਇਆ ਹੈ। ਸਰਪੰਚ ਨੇ ਹੁਣ ਤੱਕ 800 ਤੋਂ ਵੱਧ ਦੀਆਂ ਟਰਾਲੀਆਂ ਮਿੱਟੀ ਦੀਆਂ ਭਰ ਕੇ ਗ਼ਬਨ ਕੀਤਾ ਹੈ ਜਿਸ ਦਾ ਕੋਈ ਹਿਸਾਬ ਤੱਕ ਨਹੀਂ ਹੈ।
ਸਰਪੰਚ ਨੇ ਦੂਜੇ ਧੜੇ ਉੱਤੇ ਲਾਏ ਬਦਨਾਮ ਕਰਨ ਦੇ ਦੋਸ਼: ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਸੀਬੀ ਅਤੇ ਪੋਕਲੈਨ ਮਸ਼ੀਨਾਂ ਚਲਾਉਣ ਲਈ ਉਨ੍ਹਾਂ ਵਲੋਂ ਪ੍ਰ਼ਸ਼ਾਸਨ ਤੋਂ ਮਨਜ਼ੂਰੀ ਲਈ ਹੋਈ ਹੈ। ਇਹ ਸਭ ਕੰਮ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਹੋ ਰਹੇ ਹਨ ਜਿਸ ਦੇ ਉਹਨਾਂ ਕੋਲ ਪੱਕੇ ਦਸਤਾਵੇਜ਼ ਵੀ ਪਏ ਹੋਏ ਹਨ, ਪਰ ਪਿੰਡ ਦੇ ਕੁਝ ਲੋਕਾਂ ਵਲੋਂ ਜਾਣਬੁਝ ਕੇ ਇਸ ਕੰਮ 'ਚ ਅੜਿੱਕਾ ਪਾਇਆ ਜਾ ਰਿਹਾ ਹੈ।ਮੇਰੀ ਸਰਪੰਚੀ ਉੱਤੇ ਦਾਗ਼ ਲਾਇਆ ਜਾ ਰਿਹਾ ਹੈ।
ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ। ਉਥੇ ਹੀ ਮੋਹਨ ਲਾਲ ਚਿੱਤੋਂ ਦਾ ਕਹਿਣਾ ਹੈ ਕਿ ਪੰਚਾਇਤੀ ਕੰਮ 'ਚ ਉਨ੍ਹਾਂ ਦੀ ਕੁਝ ਵੀ ਦਖਲਅੰਦਾਜ਼ੀ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਬੀਡੀਪੀਓ ਧਰਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਵਲੋਂ ਢੇਰਾਂ ਵਾਲੀ ਥਾਂ ਤੇ ਮਿੱਟੀ ਸੁੱਟਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਤੇ ਸੋਮਵਾਰ ਨੂੰ ਉਨ੍ਹਾਂ ਵਲੋਂ ਦੋਹਾਂ ਪਾਰਟੀਆਂ ਨੂੰ ਸੱਦਿਆ ਗਿਆ ਏ ਤੇ ਗੱਲ ਸੁਣਨ ਤੋਂ ਬਾਅਦ ਅਗਲੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ।