ਹੁਸ਼ਿਆਰਪੁਰ: ਦਿਵਾਲੀ ਮੌਕੇ ਰੀਟੇਲ ਵਿੱਚ ਪਟਾਕੇ ਵੇਚਣ ਲਈ ਲਾਇਸੈਂਸ ਜ਼ਰੂਰੀ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦਾ ਕਹਿਣਾ ਹੈ ਕਿ ਡਾਇਰੈਕਟਰ-ਕਮ-ਸਪੈਸ਼ਲ ਸੈਕਟਰੀ, ਇੰਡਸਟਰੀਜ਼ ਅਤੇ ਕਾਮਰਸ, ਪੰਜਾਬ ਸਰਕਾਰ ਵਲੋਂ ਪੱਤਰ ਰਾਹੀਂ ਕੀਤੇ ਗਏ ਹੁਕਮਾਂ ਦੇ ਸਨਮੁੱਖ ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ਦੌਰਾਨ ਰੀਟੇਲ ਵਿੱਚ ਪਟਾਕੇ ਵੇਚਣ ਸਬੰਧੀ ਲਾਇਸੈਂਸ ਲੈਣਾ ਜ਼ਰੂਰੀ ਹੋਵੇਗਾ, ਜੋ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਲਾਇਸੈਂਸ ਪਿਛਲੇ ਸਾਲ ਦੀ ਤਰ੍ਹਾਂ ਡਰਾਅ ਪ੍ਰਕ੍ਰਿਆ ਰਾਹੀਂ ਜਾਰੀ ਕੀਤੇ ਜਾਣਗੇ। ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਇਸੈਂਸ ਜਾਰੀ ਕਰਨ ਸਬੰਧੀ ਦਰਖਾਸਤਾਂ ਇਸ ਦਫ਼ਤਰ ਦੇ ਆਧਾਰ 'ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਵਿੱਚ ਪ੍ਰਾਪਤ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਲਾਇਸੈਂਸ ਲੈਣ ਦੇ ਇਛੁੱਕ ਵਿਅਕਤੀ 10 ਅਕਤੂਬਰ ਸ਼ਾਮ 4 ਵਜੇ ਤੱਕ ਆਪਣੇ ਇਲਾਕੇ ਦੇ ਸਬੰਧਤ ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿੱਚ ਦਰਖਾਸਤ ਦੇ ਸਕਦੇ ਹਨ। ਪ੍ਰਾਰਥੀ ਆਪਣੀ ਦਰਖਾਸਤ ਨਾਲ ਇੱਕ ਸਵੈ-ਘੋਸ਼ਣਾ ਪੱਤਰ, ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਰਿਹਾਇਸ਼ ਸਬੰਧੀ ਪਰੂਫ/ਆਧਾਰ ਕਾਰਡ ਦੀ ਕਾਪੀ ਲਗਾਉਣੀ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਲਾਇਸੈਂਸ ਡਰਾਅ ਪ੍ਰਕ੍ਰਿਆ/ਲਾਟਰੀ ਸਿਸਟਮ ਨਾਲ 14 ਅਕਤੂਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਲਾਟ ਕੀਤੇ ਜਾਣਗੇ। ਇਹ ਲਾਇਸੈਂਸ ਕੇਵਲ ਪ੍ਰਸ਼ਾਸਨ ਵਲੋਂ ਨਿਰਧਾਰਤ ਕੀਤੀਆਂ ਗਈਆਂ ਥਾਵਾਂ ’ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣਗੇ।