ਹੁਸ਼ਿਆਰਪੁਰ : ਮਾਹਿਲਪੁਰ ਕਿਸਾਨ ਮਜਦੂਰ ਆਵੈਰਨੈੱਸ ਯੂਨੀਅਨ ਵੱਲੋਂ ਅੱਜ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸ਼ਹੀਦਾਂ ਤੋਂ ਇਲਾਕਾ ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਦੀ ਸੰਗਤ ਦੇ ਸਹਿਯੋਗ ਨਾਲ 200 ਗੱਡੀਆਂ ਦਾ ਕਾਫਲਾ ਦਿੱਲੀ ਧਰਨੇ ਲਈ ਰਵਾਨਾ ਹੋਇਆ। ਇਸ ਕਾਫਲੇ ਵਿੱਚ ਰਾਸ਼ਨ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਵੀ ਰਵਾਨਾ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਇਕਬਾਲ ਸਿੰਘ ਖੇੜਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੁਨੀਆਂ ਦੇ ਸਾਰੇ ਤਾਨਾਸ਼ਾਹਾਂ ਨੂੰ ਮਾਤ ਪਾ ਚੁੱਕੀ ਹੈ। ਉਹਨਾਂ ਕਿਹਾ ਕਿ ਪਿਛਲੇ ਕਰੀਬ 8 ਮਹੀਨਿਆਂ ਤੋਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਨ ਲਈ ਧਰਨੇ 'ਤੇ ਬੈਠੇ ਹਨ ਅਤੇ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਪਰੰਤੂ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਅਜਨਬੀਆਂ ਵਰਗਾ ਸਲੂਕ ਕਰ ਰਹੀ ਹੈ।
ਇਹ ਵੀ ਪੜ੍ਹੋ:ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਘੇਰਨ ਪੁੱਜੇ ਕਿਸਾਨ
ਉਨ੍ਹਾਂ ਐਲਾਨ ਕੀਤਾ ਕਿ ਜਦ ਤੱਕ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਹੁੰਦੇ ਦਿੱਲੀ ਬਾਰਡਰ 'ਤੇ ਹਰ ਮਹੀਨੇ ਇਸੇ ਤਰਾਂ ਗੱਡੀਆਂ ਦਾ ਜਥਾ ਭੇਜਿਆ ਜਾਵੇਗਾ ਤਾਂ ਜੋ ਅੰਦੋਲਨ ਜੀਵਤ ਰਹੇ। ਇਸ ਮੌਕੇ ਉਨ੍ਹਾਂ ਜੰਮ ਕੇ ਮੋਦੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ ਅਤੇ ਭਾਜਪਾ ਸਰਕਾਰ ਨੂੰ ਲਾਹਨਤਾਂ ਪਾਈਆਂ।