ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਭੂੰਨੋ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਅਧਿਆਪਕ ਤੋਂ ਹੈਡ ਟੀਚਰ ਬਣ ਸਕੂਲ ਦੀ ਕਾਇਆ ਪਲਟ ਕੇ ਅੰਤਰ ਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਅਧਿਆਪਕ ਜਸਵੀਰ ਸਿੰਘ ਖ਼ਾਬੜਾ ਵਾਸੀ ਕਹਾਰਪੁਰ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦੇਣ ਦੀ ਘੋਸ਼ਣਾ ਤੋਂ ਬਾਅਦ ਹੀ ਪਿੰਡ ਹੀ ਨਹੀਂ ਸਗੋਂ ਇਲਾਕੇ ਦੀਆਂ ਸਿੱਖਿਆ ਜਗਤ ਨਾਲ ਜੁੜੀਆਂ ਹਸਤੀਆਂ ਵਲੋਂ ਵਧਾਈ ਦੇਣ ਦਾ ਤਾਂਤਾ ਲੱਗ ਗਿਆ।
ਪਿੰਡ ਕਹਾਰਪੁਰ ਵਿਖ਼ੇ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਸਟੇਟ ਅਵਾਰਡੀ ਅਧਿਆਪਕ ਜਸਵੀਰ ਸਿੰਘ ਖ਼ਾਬੜਾ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਰਾਮਪੁਰ ਝੰਜੋਵਾਲ ਤੋਂ ਪ੍ਰਾਪਤ ਕਰਨ ਉਪਰੰਤ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਤੋਂ ਉੱਚ ਸਿੱਖਿਆ ਲੈ ਕੇ ਪੁਰਹੀਰਾਂ ਤੋਂ ETT ਪਾਸ ਕਰਕੇ 27 ਸਤੰਬਰ 1995 ਨੂੰ ਗੜ੍ਹਸ਼ੰਕਰ ਹਲਕੇ ਦੇ ਪਿੰਡ ਕਾਲੇਵਾਲ ਲੱਲੀਆਂ ਤੋਂ ਆਪਣੇ ਅਧਿਆਪਨ ਦਾ ਸਫ਼ਰ ਸ਼ੁਰੂ ਕੀਤਾ।
ਚਾਰ ਸਾਲ ਬਦਲ ਕੇ ਉਹ ਸਰਕਾਰੀ ਸਕੂਲ ਭੂੰਨੋ ਆ ਗਏ। ਜਸਵੀਰ ਸਿੰਘ ਦੇ ਦੱਸਣ ਅਨੁਸਾਰ ਉਸ ਵੇਲੇ ਸਕੂਲ ਦੀ ਹਾਲਤ ਬਹੁਤ ਖਸਤਾ ਸੀ ਅਤੇ ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੀ ਮਦਦ ਨਾਲ ਸਕੂਲ ਦੀ ਨਵੀਂ ਇਮਾਰਤ ਬਣਾਉਣ ਤੋਂ ਸਕੂਲ ਦੀ ਸਿੱਖਿਆ ਦੇ ਨਾਲ-ਨਾਲ ਹਰ ਖ਼ੇਤਰ ਦਾ ਮਿਆਰ ਇੰਨਾ ਉੱਚਾ ਚੁੱਕਿਆ ਕਿ ਅੱਜ ਨਿੱਜੀ ਸਕੂਲਾਂ ਤੋਂ ਹਟ ਕੇ ਵਿਦਿਆਰਥੀ ਇਸ ਸਕੂਲ ਵਿਚ ਦਾਖ਼ਲ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਇਮਾਰਤ ਨੂੰ ਇੱਕ ਵੱਖ਼ਰਾ ਰੂਪ ਦੇ ਕੇ ਸਕੂਲ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਵੱਖਰੀ ਪਹਿਚਾਣ ਦੇ ਦਿੱਤੀ ਅਤੇ ਦੂਰ-ਦੂਰ ਤੋਂ ਸਕੂਲ ਦੇਖ਼ਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਅਤੇ ਸਿੱਖਿਆ ਵਿਭਗ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖ਼ਦੇ ਹੋਏ 16 ਨਵੰਬਰ 2020 ਨੂੰ ਸੈਂਟਰ ਹੈਡ ਟੀਚਰ ਬਾੜੀਆਂ ਕਲਾਂ ਭੇਜ ਦਿੱਤਾ ਅਤੇ ਇਸ ਸੈਂਟਰ ਅਧੀਨ ਚੱਲ ਰਹੇ 09 ਸਕੂਲਾਂ ਵਿਚ ਦਾਖ਼ਲਾ ਵੀ ਵਧਿਆ।
ਉਨ੍ਹਾਂ ਆਪਣੀ ਇਸ ਸਫ਼ਲਤਾ ਲਈ ਆਪਣੀ ਪਤਨੀ ਰਜਿੰਦਰ ਕੌਰ ਦਾ ਧੰਨਵਾਦ ਕੀਤਾ ਜਿਸ ਨੇ ਸਕੂਲ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਖ਼ੁੱਲਾ ਸਮਾਂ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਕੂਲਾਂ ਦਾ ਕਾਇਆ ਕਲਪ ਹੋ ਚੁੱਕੀ ਹੈ ਅਤੇ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਇਨ੍ਹਾਂ ਸਕੂਲਾਂ ਵਿਚ ਆਪਣੇ ਬੱਚੇ ਦਾਖਲ ਕਰਵਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Cyrus Mistry death ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ