ਹੁਸ਼ਿਆਰਪੁਰ : ਹਲਕਾ ਮੁਕੇਰੀਆ ਦੇ ਪਿੰਡ ਸਿਬੋਚੱਕ ਦੀ ਰਹਿਣ ਵਾਲੀ ਇੱਕ ਲੜਕੀ ਦਾ ਬੀਤੇ ਦਿਨੀਂ ਪਿੰਡ ਦੇ ਹੀ ਨੌਜਵਾਨ ਵੱਲੋਂ ਪਿੰਡ ਤੋਂ ਹੀ ਥੋੜੀ ਦੂਰ ਸਿਰ ਵਿੱਚ ਪੱਥਰ ਮਾਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਪੱਥਰ ਵੱਜਣ ਨਾਲ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਮੁਲਜ਼ਮ ਨੌਜਵਾਨ ਗ੍ਰਿਫਤਾਰ : ਜਾਣਕਾਰੀ ਮੁਤਾਬਿਕ ਲੜਕੀ ਨੂੰ ਗੰਭੀਰ ਰੂਪ ਵਿੱਚ ਰਾਹਗੀਰਾਂ ਨੇ ਮੋਕੇ ਉੱਤੇ ਨਜਦੀਕੀ ਹਸਪਤਾਲ ਵਿੱਖੇ ਪਹੁੰਚਾਇਆ ਸੀ ਪਰ ਹਾਲਤ ਨਾਜੁਕ ਹੋਣ ਉੱਤੇ ਉਸਨੂੰ ਜਲੰਧਰ ਦੇ ਨਿਜੀ ਹਸਪਤਾਲ ਵਿੱਖੇ ਰੈਫਰ ਕਰ ਦਿੱਤਾ ਗਿਆ ਪਰ ਜਿਸ ਤੋਂ ਬਾਅਦ ਲੜਕੀ ਨੂੰ ਚੰਡੀਗੜ ਦੇ ਪੀਜੀਆਈ ਹਸਪਤਾਲ ਵਿੱਖੇ ਰੈਫਰ ਕਰ ਦਿੱਤਾ ਗਿਆ ਸੀ। ਲੜਕੀ ਦੀ ਜਾਨ ਚਲੀ ਗਈ ਹੈ। ਹਾਜੀਪੁਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਪਿੰਡ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨੌਜਵਾਨ ਉੱਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਉੱਤੇ ਪਰਿਵਾਰ ਨੇ ਲਾਏ ਇਲਜਾਮ : ਲੜਕੀ ਦੇ ਪਰਿਵਾਰ ਨੇ ਪੁਲਿਸ ਤੇ ਇਲਜਾਮ ਲਾਇਆ ਹੈ ਕਿ ਬੀਤੀ ਰਾਤ ਹਾਜੀਪੁਰ ਥਾਣੇ ਦੇ ਬਾਹਰ ਮ੍ਰਿਤਕ ਦੇਹ ਨੂੰ ਰੱਖਕੇ ਪ੍ਰਸ਼ਾਸਨ ਉੱਤੇ ਇਲਜਾਮ ਲਾਏ ਗਏ ਸਨ, ਪੁਲਿਸ ਨੇ ਫਿਰ ਵੀ ਕੇਵਲ ਇੱਕ ਮੁਲਜਮ ਨੂੰ ਹੀ ਗ੍ਰਿਫਤਾਰ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੂੰ ਮਾਰਨ ਵਾਲੇ ਨੌਜਵਾਨ ਦੀ ਥਾਂ ਕਿਸੇ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰਿਵਾਰ ਨੇ ਪੁਲਿਸ ਖਿਲਾਫ ਨਾਅਰੇਬਾਜੀ ਕਰਕੇ ਦੂਜੇ ਮੁਲਜਮਾਂ ਖਿਲਾਫ ਵੀ ਮਾਮਲਾ ਦਰਜ ਕਰਕੇ ਜੇਲ ਭੇਜਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਉੱਤੇ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।