ਹੁਸ਼ਿਆਰਪੁਰ: ਸੂਬੇ ਚ ਸਫਾਈ ਸੇਵਕਾਂ ਦਾ ਆਪਣੀਆਂ ਮੰਗਾਂ ਨੂੰ ਲੈਕੇ ਰੋਸ ਪ੍ਰਦਰਸ਼ਨ ਜਾਰੀ ਹੈ। ਹੁਸ਼ਿਆਰਪੁਰ ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਅੱਜ ਪੰਜਾਹ ਦਿਨ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਇਸ ਹੜਤਾਲ ਦੌਰਾਨ ਸਫਾਈ ਸੇਵਕਾਂ ਨੇ ਸ਼ਹਿਰੀ ਲੋਕਾਂ ਦੀ ਸਮੱਸਿਆ ਨੂੰ ਦੇਖ ਸ਼ਹਿਰ ਚ ਲੱਗੇ ਕੂੜੇ ਦੇ ਅੰਬਾਰਾਂ ਨੂੰ ਚੁੱਕਿਆ ਗਿਆ ਹੈ। ਇਸ ਸਫਾਈ ਨੂੰ ਲੈਕੇ ਸ਼ਹਿਰਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਸਫਾਈ ਸੇਵਕਾਂ ਦਾ ਧੰਨਵਾਦ ਵੀ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਫਾਈ ਯੂਨੀਅਨ ਦੇ ਪ੍ਰਧਾਨ ਕਰਣਜੋਤ ਆਦੀਆ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਅੱਜ ਬੇਸ਼ਰਮ ਹੋ ਚੁੱਕੀ ਹੈ ਪ੍ਰੰਤੂ ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆ ਉਕਤ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹੜਤਾਲ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨ੍ਹਾਂ ਸਮਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਸ ਦੌਰਾਨ ਉਨ੍ਹਾਂ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਹੜਤਾਲ ਤੇ ਬੈਠਿਆਂ ਨੂੰ 50 ਦਿਨ੍ਹਾਂ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ।
ਇਸ ਮੌਕੇ ਦੁਕਾਨਦਾਰਾਂ ਨੇ ਸਫ਼ਾਈ ਸੇਵਕਾਂ ਦੇ ਉਕਤ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਬਿਨਾਂ ਕੋਈ ਦੇਰੀ ਕੀਤਿਆਂ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣੇ ਘਰਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਣ।