ਹੁਸ਼ਿਆਰਪੁਰ: ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਦੇ ਮਾਮਲਿਆਂ ਨੂੰ ਆਏ ਦਿਨ ਚੁੱਕਿਆ ਜਾਂਦਾ ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਲੱਖਾਂ ਹੀ ਕਿਸਾਨ ਅਜਿਹੇ ਵੀ ਨੇ ਜੋ ਜ਼ਮੀਨ ਦੇ ਛੋਟੇ ਟੁਕੜੇ ਉੱਤੇ ਖੇਤੀ ਦੇ ਨਾਲ-ਨਾਲ ਹੋਰ ਛੋਟੇ ਕਾਰੋਬਾਰ ਕਰ ਕੇ ਇੱਕ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਆਪਣੀ ਖ਼ਾਸ ਪ੍ਰੋਗਰਾਮ ਜਿਉਂਦੇ ਨੇ ਅਣਖ ਦੇ ਨਾਲ ਰਾਹੀਂ ਮਿਲਾਉਣ ਜਾ ਰਹੇ ਹਾਂ, ਹੁਸ਼ਿਆਰਪੁਰ ਦੇ ਪਿੰਡ ਦਾਦਾ ਮਾੜਾ ਦੇ ਰਹਿਣ ਵਾਲੇ ਕਿਸਾਨ ਸੰਜੀਵ ਨਾਲ ਜੋ ਕਿ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਬਣਿਆ ਹੋਇਆ ਹੈ।
ਅਗਾਂਹ ਵਧੂ ਕਿਸਾਨ ਸੰਜੀਵ ਦਾ ਕਹਿਣਾ ਹੈ ਕਿ ਡੇਅਰੀ ਫਾਰਮਿੰਗ ਦਾ ਸੌਦਾ ਘਾਟੇ ਦਾ ਨਹੀਂ ਹੈ। ਉਹ ਬਾਗ਼ਬਾਨੀ ਵਿਭਾਗ ਦੇ ਨਾਲ ਕਰੀਬ ਇੱਕ ਦਰਜਨ ਤੋਂ ਵੱਧ ਫਲਾਂ ਕਾਸ਼ਤ ਕਰਦਾ ਹੈ, ਜਦਕਿ 30 ਕਿਸਮ ਦੀਆਂ ਸਬਜ਼ੀਆਂ ਦੀ ਬਿਜਾਈ ਕਰਦਾ ਹੈ। ਇਸ ਨੂੰ ਚਲਾਉਣ ਵਾਲੇ ਕਿਸਾਨ ਸੰਜੀਵ ਦਾ ਕਹਿਣਾ ਹੈ ਕਿ ਉਹ ਇਸ ਖੇਤੀ ਨਾਲ ਖੁਸ਼ ਹੈ।
ਸੰਜੀਵ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੇ ਡੇਅਰੀ ਫਾਰਮਿੰਗ ਤੋਂ ਆਪਣਾ ਕੰਮ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਉਹ 20 ਪਸ਼ੂਆਂ ਦਾ ਮਾਲਕ ਹੈ। ਉਸ ਨੇ ਦੁੱਧ ਇੱਕ ਨਿੱਜੀ ਫੈਕਟਰੀ ਨੂੰ ਦੇਣਾ ਸ਼ੁਰੂ ਕੀਤਾ ਪਰ, ਭਾਅ ਨਾ ਮਿਲਣ ਕਰਕੇ ਉਹ ਛੱਡ ਦਿੱਤਾ। ਪਰ, ਉਹ ਹਾਰਿਆ ਨਹੀਂ, ਨਵੀਂ ਕੋਸ਼ਿਸ਼ ਦੇ ਨਾਲ ਅੱਗੇ ਵੱਧਦਿਆਂ ਅੱਜ ਉਹ ਕਰੀਬ ਇੱਕ ਕੁਇੰਟਲ ਦੇ ਕਰੀਬ ਦੁੱਧ ਦਾ ਰੋਜ਼ਾਨਾ ਉਤਪਾਦਨ ਕਰਦਾ ਹੈ ਤੇ ਖ਼ੁਦ ਹੀ ਮੰਡੀ ਕਰਨ ਲਈ ਹੁਸ਼ਿਆਰਪੁਰ ਜਾਂਦਾ ਹੈ ਜਿਸ ਵਿੱਚ ਨੂੰ ਕਾਫੀ ਮੁਨਾਫਾ ਮਿਲਦਾ ਹੈ।
ਸੰਜੀਵ ਦਾ ਕਹਿਣਾ ਹੈ ਕਿ ਉਸ ਨੂੰ ਪਰਿਵਾਰ ਵੱਲੋਂ ਹੀ ਵਿਰਾਸਤੀ ਸਬਜ਼ੀਆਂ ਉਗਾਉਣ ਦਾ ਮੌਕਾ ਮਿਲਿਆ, ਪਰ ਸਮੇਂ ਦੀ ਮਾਰ ਅਤੇ ਮੰਡੀ ਕਰਨ ਨੇ ਉਸ ਨੂੰ ਡੇਅਰੀ ਫਾਰਮ ਦੇ ਨਾਲ ਜੋੜ ਦਿੱਤਾ ਜਿਸ ਵਿੱਚ ਉਹ ਕਾਫ਼ੀ ਖ਼ੁਸ਼ ਹੈ ਤੇ ਅੱਜ ਉਹ ਪੂਰੇ ਪਰਿਵਾਰ ਨਾਲ ਮਿਲ ਕੇ ਇਸ ਕੰਮ ਵਿੱਚ ਜੁੱਟ ਗਿਆ ਹੈ। ਸੰਜੀਵ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲ ਤੋਂ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਹੈ ਤੇ ਹੁਣ ਪਿਛਲੇ ਸਾਲ ਤੋਂ ਉਸ ਨੇ ਜੈਵਿਕ ਖੇਤੀ ਕਰਨ ਦਾ ਮਨ ਬਣਾਇਆ ਹੈ।
ਸਮੇਂ ਅਤੇ ਮਹਿੰਗਾਈ ਨੂੰ ਦੇਖਦੇ ਹੋਏ ਸੰਜੀਵ ਦਾ ਪੂਰਾ ਪਰਿਵਾਰ ਡੇਅਰੀ ਫਾਰਮਿੰਗ ਦੇ ਨਾਲ-ਨਾਲ ਜੈਵਿਕ ਖੇਤੀ ਦੇ ਕੰਮ ਵਿੱਚ ਰੁੱਝਾ ਹੋਇਆ ਹੈ। ਆਪਣੇ ਬਾਬੇ, ਪਿਤਾ ਅਤੇ ਹੁਣ ਉਸ ਨੂੰ ਅਗਾਂਹ ਲੈ ਕੇ ਚੱਲੇ ਸੰਜੀਵ ਦੇ ਪੁੱਤਰ ਕਾਰਤਿਕ ਦਾ ਕਹਿਣਾ ਹੈ ਕਿ ਕਿਸਾਨੀ ਕੋਈ ਘਾਟੇ ਦਾ ਸੌਦਾ ਨਹੀਂ ਹੈ। ਜ਼ਰੂਰਤ ਹੈ ਇਸ ਨੂੰ ਸਮਝਣ ਦੀ ਅਤੇ ਕਿਸਾਨੀ ਦੇ ਨਾਲ ਨਾਲ ਮੰਡੀਕਰਨ ਕਰਨ ਦੀ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੀ ਸੋਚ ਵਿੱਚ ਬਦਲਾਅ ਹੋ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਜੈਵਿਕ ਖੇਤੀ ਹੀ ਇੱਕ ਲਾਭਦਾਇਕ ਸੌਦਾ ਸਾਬਿਤ ਹੋਵੇਗੀ।
ਜ਼ਿਕਰਯੋਗ ਹੈ ਕਿ ਸੰਜੀਵ ਨੇ ਸ਼ੁਰੂਆਤੀ ਦੌਰ ਵਿੱਚ ਇਹ ਖੇਤੀ ਕੁਝ ਹੀ ਰਾਖਵੀਂ ਜ਼ਮੀਨ ਉੱਤੇ ਸ਼ੁਰੂ ਕੀਤੀ ਸੀ, ਪਰ ਅੱਜ ਉਹ ਹੌਲੀ ਹੌਲੀ ਇਸ ਵਿੱਚ ਵਾਧਾ ਕਰਦੇ ਹੋਏ ਕਰੀਬ ਸੱਤ ਤੋਂ ਅੱਠ ਏਕੜ ਵਿੱਚ ਕੰਮ ਕਰ ਰਿਹਾ ਹੈ ਜਿਸ ਵਿੱਚ ਫ਼ਸਲਾਂ ਦੇ ਨਾਲ-ਨਾਲ ਸਬਜ਼ੀਆਂ ਤੇ ਪਸ਼ੂਆਂ ਦਾ ਚਾਰਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦਾ ਬਗ਼ੈਰ ਕਮਰਿਆਂ ਵਾਲਾ ਸਕੂਲ