ਹੁਸ਼ਿਆਰਪੁਰ: ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸੋਸਾਇਟੀ ਵੱਲੋਂ ਮਾਨਵਤਾ ਦੀ ਸੇਵਾ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਨਾਲ ਜ਼ਰੂਰਤਮੰਦਾਂ ਤੱਕ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਸੋਸਾਇਟੀ ਵੱਲੋਂ ਅਤਿ-ਆਧੁਨਿਕ ਤਰੀਕੇ ਨਾਲ ਮਸ਼ੀਨਾਂ ਰਾਹੀਂ ਲੰਗਰ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੋਸਾਇਟੀ ਵੱਲੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਆਪਣੇ-ਆਪ ਵਿੱਚ ਇੱਕ ਬੇਮਿਸਾਲ ਕਦਮ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੋਸਾਇਟੀ ਵੱਲੋਂ ਅਜਿਹੇ ਹਾਲਾਤ ਦੌਰਾਨ ਮਾਨਵਤਾ ਦੀ ਸੇਵਾ ਲਈ ਅੱਗੇ ਆਉਣਾ ਸ਼ਲਾਘਾਯੋਗ ਉਪਰਾਲਾ ਹੈ।
ਸੋਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸੋਸਾਇਟੀ ਵੱਲੋਂ 6 ਗੱਡੀਆਂ ਰਾਹੀਂ ਰੋਜ਼ਾਨਾ 25 ਹਜ਼ਾਰ ਲੋਕਾਂ ਤੱਕ ਲੰਗਰ ਉਪਲਬੱਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਅਤੇ ਗੁਰਲਿਆਕਤ ਸਿੰਘ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ, ਸ਼ਹਿਰ ਦੇ ਪੁਲਿਸ ਨਾਕਿਆਂ ਤੋਂ ਇਲਾਵਾ ਸੁੰਦਰ ਨਗਰ, ਪਿੰਡ ਅੱਜੋਵਾਲ, ਬਲਵੀਰ ਕਾਲੋਨੀ, ਭੰਗੀ ਚੋਅ ਆਦਿ ਸਲੱਮ ਏਰੀਏ ਵਿੱਚ ਲੰਗਰ ਉਪਲਬੱਧ ਕਰਵਾਇਆ ਜਾ ਰਿਹਾ ਹੈ।
ਬਾਬਾ ਮਨਜੀਤ ਸਿੰਘ ਨੇ ਕਿਹਾ ਕਿ ਸੋਸਾਇਟੀ ਵਲੋਂ ਕਰਫਿਊ ਲੱਗਣ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁਫ਼ਤ ਭੋਜਨ ਭੇਜਿਆ ਜਾ ਰਿਹਾ ਸੀ ਅਤੇ ਹੁਣ ਕਰਫਿਊ ਦੇ ਕਾਰਨ ਜ਼ਿਲ੍ਹਾਂ ਪ੍ਰਸ਼ਾਸ਼ਨ ਦੀ ਮਦਦ ਨਾਲ ਹੁਸ਼ਿਆਰਪੁਰ ਵਿੱਚ ਵੱਖ-ਵੱਖ ਥਾਵਾਂ 'ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਵਿੱਚ ਰੋਟੀ ਚਾਵਲ, ਦਾਲ, ਸਬਜ਼ੀ ਆਦਿ ਹੁੰਦੀ ਹੈ।
ਇਹ ਵੀ ਪੜੋ: ਸੂਬਾ ਸਰਕਾਰ ਵੱਲੋਂ ਪਰਵਾਸੀ ਮਜ਼ਦੂਰਾਂ ਦੇ ਹਿੱਤ 'ਚ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਇਸ ਲੰਗਰ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਸਥਾਨ ਤੋਂ ਫਰਵਰੀ 2019 ਤੋਂ ਮਾਝਾ ਅਤੇ ਦੋਆਬਾ ਦੇ ਲਗਭਗ ਸਾਰੇ ਸਰਕਾਰੀ ਹਸਪਤਾਲ ਜਿਸ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਤੋਂ ਇਲਾਵਾ ਹੋਰ ਸਥਾਨਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਰੋਜ਼ਾਨਾਂ 58 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਸਥਾਨ ਤੋਂ ਵੀ ਰੋਜ਼ਾਨਾ ਦੋ ਹਜ਼ਾਰ ਦੇ ਕਰੀਬ ਸੰਗਤ ਵਲੋਂ ਲੰਗਰ ਪ੍ਰਸਾਦ ਗ੍ਰਹਿਣ ਕੀਤਾ ਜਾਂਦਾ ਸੀ।