ਹੁਸ਼ਿਆਰਪੁਰ: ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਪੁੰਛ 'ਚ ਕੰਟਰੋਲ ਰੇਖਾ ਨੇੜੇ ਕ੍ਰਿਸ਼ਣ ਘਾਟੀ ਤੇ ਜ਼ਿਲ੍ਹਾ ਕੁਪਵਾੜਾ 'ਚ ਕੰਟਰੋਲ ਰੇਖਾ ਨੇੜੇ ਨੌਗਾਮ ਸੈਕਟਰ 'ਚ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਵਿੱਚ ਜ਼ਿਲ੍ਹੇ ਦੇ ਪਿੰਡ ਰਾਜੂ ਦਵਾਖੜੀ ਦੇ ਹਵਲਦਾਰ ਕੁਲਦੀਪ ਸਿੰਘ ਨੂੰ ਸਰਕਾਰੀ ਸਨਮਾਨਾਂ ਅੰਤਿਮ ਵਿਦਾਈ ਦਿੱਤੀ ਗਈ।
ਇਸ ਦੌਰਾਨ ਉਦਯੋਗ ਦੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਅਤੇ ਉੜਮੁੜ ਵਿਧਾਨ ਸਭਾ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ, ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੋਂ ਇਲਾਵਾ ਅਤੇ ਹੋਰ ਸ਼ਖਸੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਕੈਬਿਨੇਟ ਮੰਤਰੀ ਅਰੋੜਾ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਿਵਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ ਤੇ ਕਦੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਵਲਦਾਰ ਕੁਲਦੀਪ ਸਿੰਘ ਇਕ ਬਹਾਤਰ ਯੋਧਾ ਸਨ ਅਤੇ ਉਨ੍ਹਾਂ ਦੇ ਮਹਾਨ ਬਲੀਦਾਨ ਪ੍ਰਤੀ ਦੇਸ਼ ਸਦਾ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗਰੇਸ਼ੀਆ ਅਤੇ ਇਕ ਪਰਿਵਾਰਕ ਮੈਂਬਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਦੌਰਾਨ ਐਸ.ਪੀ. ਰਮਿੰਦਰ ਸਿੰਘ, ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ ਤੋਂ ਇਲਾਵਾ ਸੈਨਾ ਦੇ ਅਫ਼ਸਰ ਅਤੇ ਵੱਖ-ਵੱਖ ਖੇਤਰਾਂ ਦੇ ਸ਼ਖਸੀਅਤਾਂ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜ਼ਿਕਰਯੋਗ ਹੈ ਕਿ ਵੀਰਵਾਰ ਜੰਮੂ-ਕਸ਼ਮੀਰ ਸੀਮਾ ’ਤੇ ਪਾਕਿਸਤਾਨੀ ਫੌਜ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ 15 ਸਿੱਖ ਲਾਈਟ ਇਨਫੈਂਟਰੀ ਦੇ ਹਵਲਦਾਰ ਕਲਦੀਪ ਸਿੰਘ ਸ਼ਹੀਦ ਹੋ ਗਏ ਸਨ।