ਹੁਸ਼ਿਆਰਪੁਰ: ਪੰਜਾਬ ਸਰਕਾਰ ਕੋਲੋਂ ਗਊ ਸੈੱਸ ਦੇ ਨਾਂਅ 'ਤੇ ਬਣਾਈ ਕਮੇਟੀ ਦੇ ਕੰਮਾਂ ਸਬੰਧੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਜਾਣਕਾਰੀ ਮੰਗੀ ਸੀ, ਪਰ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਸੋਮਵਾਰ ਨੂੰ ਇਸ ਮਾਮਲੇ 'ਤੇ ਭਾਜਪਾ ਆਗੂ ਖੰਨਾ ਨੇ ਗਊ ਸੈੱਸ ਅਤੇ ਕਮੇਟੀ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਲਈ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇੱਕ ਪਟੀਸ਼ਨ ਸੌਂਪੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਭਰ ਵਿੱਚ 472 ਤੋਂ ਵੱਧ ਗਊਸ਼ਾਲਾ ਹਨ, ਜਿਸ ਵਿੱਚ ਪਿਛਲੀ ਅਕਾਲੀ- ਭਾਜਪਾ ਸਰਕਾਰ ਨੇ ਵਿਭਾਗਾਂ ਤੋਂ ਗਊ ਸੈੱਸ ਦੇ ਨਾਂਅ 'ਤੇ ਫੰਡ ਇਕੱਤਰ ਕਰਨ ਲਈ ਇੱਕ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਹੁਣ ਤੱਕ ਕਿਹੜੇ-ਕਿਹੜੇ ਕੰਮ ਗਊਸ਼ਾਲਾਵਾਂ ਲਈ ਕੀਤੇ ਹਨ, ਬਾਰੇ ਜਾਣਕਾਰੀ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ, ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ।
ਉਨ੍ਹਾਂ ਕਿਹਾ ਹੁਣ ਇਸ ਮਾਮਲੇ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਅਵਿਨਾਸ਼ ਕੌਰ ਵੇਦ ਕੋਲ ਸ਼ਿਕਾਇਤ ਕੀਤੀ ਗਈ ਹੈ। ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕਮੇਟੀ ਮੈਂਬਰ ਨੂੰ ਪਾਰਟੀ ਬਣਾਇਆ ਗਿਆ ਹੈ। ਇਸ ਦੇ ਚੀਫ਼ ਸੈਕਟਰੀ ਹੇਠਾਂ ਸਾਰੇ ਮੈਂਬਰ ਸ਼ਾਮਲ ਹੋਣਗੇ।